ਲੁਧਿਆਣਾ : ਲੁਧਿਆਣਾ ਦੇ ਖੁੱਡਾ ਇਲਾਕੇ ‘ਚ ਤੇਜ਼ ਰਫਤਾਰ ਕਾਰ ਅਚਾਨਕ ਸੜਕ ਦੇ ਵਿਚਕਾਰ ਪਲਟ ਗਈ। ਕਾਰ ਪਲਟਣ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕ ਤੁਰੰਤ ਕਾਰ ਸਵਾਰ ਨੂੰ ਬਚਾਉਣ ਲਈ ਭੱਜੇ। ਲੋਕਾਂ ਨੇ ਕਾਰ ਚਲਾ ਰਹੇ ਬੱਚੇ ਨੂੰ ਕਾਰ ‘ਚੋਂ ਬਾਹਰ ਕੱਢਿਆ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ 14 ਸਾਲਾ ਬੱਚਾ ਆਪਣੇ ਦੋਸਤ ਨਾਲ ਕਾਰ ਚਲਾ ਰਿਹਾ ਸੀ। ਅਚਾਨਕ ਕਾਰ ‘ਤੇ ਕੰਟਰੋਲ ਗੁਆ ਬੈਠਾ ਜਿਸ ਕਾਰਨ ਕਾਰ ਪਲਟ ਗਈ। ਪਲਟਣ ਤੋਂ ਬਾਅਦ ਕਾਰ ਉਨ੍ਹਾਂ ਦੀ ਦੁਕਾਨ ਨਾਲ ਜਾ ਟਕਰਾਈ। ਜਿਸ ਕਾਰਨ ਦੁਕਾਨ ਦੇ ਸ਼ੀਸ਼ੇ ਟੁੱਟ ਗਏ। ਹਾਦਸੇ ਤੋਂ ਬਾਅਦ ਕਾਰ ‘ਚ ਸਵਾਰ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕ ਤੁਰੰਤ ਆਪਣਾ ਕੰਮ ਛੱਡ ਕੇ ਬੱਚਿਆਂ ਦੀ ਮਦਦ ਲਈ ਆ ਗਏ। ਲੋਕਾਂ ਨੇ ਬੱਚਿਆਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ। ਬੱਚਿਆਂ ਦੇ ਹੱਥਾਂ ‘ਤੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਡਾਕਟਰ ਕੋਲ ਭੇਜਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ, ਪਰ ਕਿਸੇ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ।