ਸੁਖਬੀਰ ਬਾਦਲ ਨੇ ਦੱਸਿਆ ਕਿ ਕਿਵੇਂ ਜਾਖੜ ਤੇ ਰੰਧਾਵਾ ਦੇ ਪਿਤਾ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਲਈ ਇੰਦਰਾ ਗਾਂਧੀ ਦੀ ਵਡਿਆਈ ਕੀਤੀ

TeamGlobalPunjab
6 Min Read

ਮੋਗਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਹਮਲੇ ਦੀ ਸ਼ੁਰੂਆਤ ਦੀ ਵਰ੍ਹੇਗੰਢ ’ਤੇ ਡੂੰਘੇ ਦੁੱਖ, ਪੀੜਾ ਤੇ ਰੋਹ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਗਾਂਧੀ ਪਰਿਵਾਰ ਪੰਜਾਬ ਵਿਚ ਇਸ ਹਮਲੇ ਦੀ ਵਡਿਆਈ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਤਰੱਕੀਆਂ ਤੇ ਵਜ਼ੀਰੀਆਂ ਦੇ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਇਥੇ ਜਥੇਦਾਰ ਤੋਤਾ ਸਿੰਘ, ਤੀਰਥ ਸਿੰਘ ਮਾਹਲਾ ਤੇ ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਵੱਲੋਂ ਸ਼ੁਰੂ ਕੀਤੀ ਆਕਸੀਜ਼ਨ ਸੇਵਾ ਦਾ ਉਦਘਾਟਨ ਕਰਨ ਆਏ ਸਨ। ਇਸ ਆਕਸੀਜ਼ਨ ਸੇਵਾ ਤਹਿਤ 25 ਕੰਸੈਂਟ੍ਰੇਟਰ ਦਿੱਤੇ ਗਏ ਹਨ ਤੇ ਲੋਕ ਇਹਨਾਂ ਵਾਸਤੇ 90566-00007 ’ਤੇ ਫੋਨ ਕਰ ਕੇ ਇਹ ਸਹੂਲਤ ਲੈ ਸਕਦੇ ਹਨ।

ਸ੍ਰੀ ਦਰਬਾਰ ਸਾਹਿਬ ’ਤੇ 1984 ਵਿਚ ਕੀਤੇ ਗਏ ਹਮਲੇ ਦੀ ਅੱਜ ਦੀ ਤਾਰੀਕ ਤੋਂ ਸ਼ੁਰੂਆਤ ਕੀਤੇ ਜਾਣ ਦੀ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਹਜ਼ਾਰਾਂ ਮਾਸੂਸ ਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਜਦੋਂ ਸੰਗਤਾਂ ਦਾ ਵੱਡਾ ਇਕੱਠ ਹੁੰਦਾ ਹੈ, ’ਤੇ ਸ਼ਹੀਦ ਕੀਤੇ ਜਾਣ ’ਤੇ ਡੂੰਘੇ ਦੁੱਖ, ਪੀੜਾ ਤੇ ਰੋਹ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਨਾ ਸਿਰਫ ਸਿੱਖ ਰੈਫਰੈਂਸ ਲਾਇਬ੍ਰੇਰੀ ਤਬਾਹ ਕੀਤੀ ਗਈ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਸਰੂਪ ਅਗਨ ਭੇਂਟ ਕਰ ਦਿੱਤੇ ਗਏ । ਉਹਨਾਂ ਕਿਹਾ ਕਿ ਇਸ ਤੋਂ ਵੀ ਨਿੰਦਣਯੋਗ ਗੱਲ ਇਹ ਹੈ ਕਿ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਨੀਚ ਹਰਕਤ ਨੁੰ ਸਹੀ ਠਹਿਰਾਇਆ। ਉਹਨਾਂ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਸਾਬਕਾ ਸਪੀਕਰ ਬਲਰਾਮ ਜਾਖੜ ਨੇ ਤਾਂ ਇਹ ਵੀ ਕਿਹਾ ਸੀ ਕਿ ਜੇਕਰ ਸਾਨੁੰ 2 ਕਰੋੜ ਸਿੱਖਾਂ ਨੁੰ ਮਾਰਨ ਦੀ ਲੋੜ ਪਈ ਤਾਂ ਅਸੀਂ ਮਾਰਾਂਗੇ। ਉਹਨਾਂ ਕਿਹਾ ਕਿ ਉਸ ਵੇਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੰਤੋਖ ਰੰਧਾਵਾ ਜੋ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਸਵਾ ਦੇ ਪਿਤਾ ਸਨ, ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ  ਲਈ ਇੰਦਰਾ ਗਾਂਧੀ ਦੀ ਵਡਿਆਈ ਕੀਤੀ ਸੀ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਪ੍ਰਤੀ ਗਾਂਧੀ ਪਰਿਵਾਰ ਦੀ ਆਗੂ ਸੋਚ ਦਾ ਪਤਾ ਇਥੋਂ ਲੱਗ ਜਾਂਦਾ ਹੈ ਕਿ ਜਿਹੜੇ ਕਾਂਗਰਸੀ ਆਗੂਆਂ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਹਮਲੇ ਦੀ ਵਡਿਆਈ ਕੀਤੀ ਸੀ, ਉਹਨਾਂ ਦੇ ਪਰਿਵਾਰਾਂ ਨੂੰ ਉਚੇ ਅਹੁਦਿਆਂ ਨਾਲ ਨਿਵਾਜਿਆਂ ਜਾ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਰਾਜਕਾਲ ਵੇਲੇ ਤਰਸ ਦੇ ਆਧਾਰ ’ਤੇ ਕੀਤੀਆਂ ਗਈਆਂ ਨਜਾਇਜ਼ ਨਿਯੁਕਤੀਆਂ ਨੂੰ ਰੱਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੁੰ ਡੀ ਐਸ ਪੀ ਦੇ ਅਹੁਦੇ ’ਤੇ ਲਗਾਇਆ ਗਿਆ ਹੈ ਜਦਕਿ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀਐਸਪੀ ਤੇ ਤਹਿਸੀਲਦਾਰ ਲਗਾਇਆ ਗਿਆ ਹੈ।

- Advertisement -

ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨਾਲ ‘ਘਰ ਘਰ ਨੌਕਰੀ’ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਇਹ ਸਹੂਲਤ ਸਿਰਫ ਕਾਂਗਰਸੀਆਂ ਨੂੰ ਹੀ ਦਿੱਤੀ ਹੈ। ਉਹਨਾਂ ਕਿਹਾ ਕਿ ਪਹਿਲਾਂ ਬੇਅੰਤ ਸਿੰਘ ਦੇ ਪੋਤੇ ਤੇ ਲੁਧਿਆਣਾ ਦੇ ਐਮ ਪੀ ਰਵਨੀਤ ਬਿੱਟੂ ਦੇ ਭਰਾ ਨੂੰ ਸਾਬਕਾ ਮੁੱਖ ਮੰਤਰੀ ਦੀ ਹੱਤਿਆ 22 ਸਾਲ ਬਾਅਦ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ। ਹੁਣ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਦੇ ਚੱਕਰਾਂ ਵਿਚ ਵਿਧਾਇਕ ਫਤਿਹਜੰਗ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਕ੍ਰਮਵਾਰ ਡੀ ਐਸ ਪੀ ਤੇ ਤਹਿਸੀਲਦਾਰ ਲਗਾਉਣ ਦੀ ਪੇਸ਼ਕਸ਼ ਕਰ ਰਹੇ ਹਨ ਤੇ ਉਹੀ ਆਧਾਰ ਬਣਾ ਰਹੇ ਹਨ ਭਾਵੇਂ ਕਿ ਉਹਨਾਂ ਦੇ ਦਾਦਿਆਂ ਦਾ ਦਿਹਾਂਤ 30 ਸਾਲ ਪਹਿਲਾਂ ਹੋ ਗਿਆ ਸੀ। ਉਹਨਾਂ ਕਿਹਾ ਕਿ ਇਹ ਸਭ ਕੁਝ ਕਾਨੂੰਨ ਦੇ ਖਿਲਾਫ ਹੈ ਕਿਉਂਕਿ ਬਹੁਤ ਜ਼ਿਆਦਾ ਸਮਾਂ ਲੰਘ ਗਿਆ ਹੈ ਤੇ ਇਹ ਵੀ ਅਸਲੀਅਤ ਹੈ ਕਿ ਇਸ ਸਕੀਮ ਤਹਿਤ ਦਿੱਤੀ ਜਾ ਰਹੀ ਨੌਕਰੀ ਲਈ ਲਾਭਪਾਤਰੀ ਜ਼ਰੂਰਤਮੰਦ ਵੀ ਨਹੀਂ ਹਨ। ਬਾਦਲ ਨੇ ਭਰੋਸਾ ਦਿੱਤਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਜਿਹੀਆਂ ਸਾਰੀਆਂ ਨਿਯੁਕਤੀਆਂ ਰੱਦ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨਾਲ ਬੇਇਨਸਾਫੀ ਨਹੀਂ ਕਰ ਸਕਦੇ ਕਿਉਂਕਿ ਇਹ ਕਾਂਗਰਸੀ ਤਾਂ ਇਸ ਕੋਟੇ ਤਹਿਤ ਨੌਕਰੀ ਦੇ ਸਹੀ ਹੱਕਦਾਰਾਂ ਦਾ ਵੀ ਹੱਕ ਮਾਰ ਰਹੇ ਹਨ।

ਬੇਅਦਬੀ ਦੇ ਘਿਨੌਣੇ ਮਾਮਲਿਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਸਿੱਖ ਕੌਮ ਤੇ ਪੰਜਾਬੀ ਕਦੇ ਵੀ ਕਾਂਗਰਸ ਸਰਕਾਰ ਨੂੰ ਇਸ ਮਾਮਲੇ ’ਤੇ ਰਾਜਨੀਤੀ ਕਰਨ ਲਈ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਸਨੇ ਬੇਅਦਬੀ ਕੀਤੀ ਤੇ ਜਿਸਨੇ ਇਸ ’ਤੇ ਸਿਆਸਤ ਕੀਤੀ, ਉਹਨਾਂ ਦਾ ਕੱਖ ਨਾ ਰਹੇ। ਉਹਨਾਂ ਕਿਹਾ ਕਿ ਇਹੀ ਗੱਲ ਸੱਚ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਕਾਂਗਰਸ ਸਰਕਾਰ ਦਾ ਕੇਸ ਵਿਚ ਨਿਆਂ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਪਿਛਲੀ ਅਕਾਲੀ ਦਲ ਦੀ ਸਰਕਾਰ ਹੀ ਸੀ ਜਿਸਨੇ ਕੇਸ ਵਿਚ ਨਿਆਂ ਵਾਸਤੇ ਸਭ ਤੋਂ ਚੰਗੇ ਉਪਰਾਲੇ ਕੀਤੇ ਤੇ ਇਹ ਕੇਸ ਕਾਂਗਰਸ ਪਾਰਟੀ ਤੇ ਕਈ ਹੋਰ ਸੰਗਠਨਾਂ ਦੇ ਦੇ ਕਹਿਣ ’ਤੇ ਸੀ ਬੀ ਆਈ ਹਵਾਲੇ ਕੀਤਾ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਸਰਕਾਰ ਬਣਨ ’ਤੇ ਅਸੀਂ ਸਿੱਖ ਪੰਥ ਨੁੰ ਇਸ ਮਾਮਲੇ ਦਾ ਨਿਆਂ ਦੇਣ ਲਈ ਵਚਨਬੱਧ ਤੇ ਦ੍ਰਿੜ੍ਹ ਸੰਕਲਪ ਹਾਂ।

ਬਾਦਲ ਨੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਵਜ਼ਾਰਤੀ ਕੁਰਸੀਆਂ ਲੈਣ ਲਈ ਦਿੱਲੀ ਭੱਜਣ ਦੀ ਵੀ ਨਿਖਸੇਧੀ ਕੀਤੀ। ਉਹਨਾਂ ਕਿਹਾ ਕਿ ਇਹ ਕਾਂਗਰਸੀ ਆਗੂਆਂ ਲਈ ਬਹੁਤ ਹੀ ਅਣਮਨੁੱਖੀ ਗੱਲ ਹੈ ਕਿ ਉਹ ਕੁਰਸੀ ਸੇਵਾ ਲਈ ਉਸ ਵੇਲੇ ਦਿੱਲੀ ਭੱਜ ਰਹੇ ਹਨ ਜਿਸ ਵੇਲੇ ਉਹਨਾਂ ਤੋਂ ਕੋਰੋਨਾ ਸੰਕਟ ਵੇਲੇ ਕੋਰੋਨਾ ਸੇਵਾ ਵਾਸਤੇ ਹਸਪਤਾਲਾਂ ਤੇ ਪਿੰਡਾਂ ਦੇ ਦੌਰੇ ਕਰਨ ਦੀ ਆਸ ਰੱਖੀ ਕੀਤੀ ਗਈ ਹੋਵੇ।

Share this Article
Leave a comment