ਲਾਹੌਰ: ਪਾਕਿਸਤਾਨ ਦੀ ਰਾਜਧਾਨੀ ਲਾਹੌਰ ‘ਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ ‘ਤੇ ਪਹੁੰਚ ਗਈ ਹੈ। ਅਜਿਹੀ ਸਥਿਤੀ ਕਾਰਨ ਅਧਿਕਾਰੀਆਂ ਨੇ ਸੋਮਵਾਰ ਨੂੰ ਪ੍ਰਾਇਮਰੀ ਸਕੂਲਾਂ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ। ਹਵਾ ਗੁਣਵੱਤਾ ਸੂਚਕਾਂਕ ਹਫਤੇ ਦੇ ਅੰਤ ਵਿੱਚ ਉੱਚ ਪੱਧਰ ‘ਤੇ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਅਜਿਹੇ ਹਾਲਾਤ ਬਣੇ ਰਹਿਣ ਕਾਰਨ ਲਾਹੌਰ ਵਿੱਚ ਸਰਕਾਰ ਵੱਲੋਂ ਕਈ ਪਾਬੰਦੀਆਂ ਲਾਈਆਂ ਗਈਆਂ ਹਨ।
ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਹ ਕਦਮ 1.4 ਕਰੋੜ ਦੀ ਆਬਾਦੀ ਵਾਲੇ ਸ਼ਹਿਰ ਵਿੱਚ ਬੱਚਿਆਂ ਨੂੰ ਸਾਹ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਦੇ ਵੱਡੇ ਯਤਨ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਸਰਕਾਰ ਨੇ ਕਿਹਾ ਕਿ ਲਾਹੌਰ ਵਿੱਚ ਹਰ ਕਿਸੇ ਲਈ ਮਾਸਕ ਪਹਿਨਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਨੇ ਲਾਹੌਰ ‘ਚ ਗ੍ਰੀਨ ਲਾਕਡਾਊਨ ਦਾ ਐਲਾਨ ਕੀਤਾ ਹੈ।
ਇਸ ਤਹਿਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਉਦਾਹਰਣ ਵਜੋਂ, ਸ਼ਹਿਰ ਦੇ 50 ਪ੍ਰਤੀਸ਼ਤ ਕਰਮਚਾਰੀ ਘਰ ਤੋਂ ਕੰਮ ਕਰਨਗੇ। ਬਿਨਾਂ ਫਿਲਟਰ ਦੇ ਲੱਕੜ ਜਾਂ ਚਾਰਕੋਲ ‘ਤੇ ਖਾਣਾ ਬਣਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਨਾਲ ਹੀ ਅਗਲੇ ਹੁਕਮਾਂ ਤੱਕ ਮੋਟਰ ਰਿਕਸ਼ਾ ਚਲਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਰਾਤ 10 ਵਜੇ ਤੱਕ ਮੈਰਿਜ ਹਾਲ ਬੰਦ ਕਰਨੇ ਪੈਣਗੇ। ਇਸ ਤੋਂ ਇਲਾਵਾ ਜੇਕਰ ਲੋੜ ਪਵੇ ਤਾਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਮੀਂਹ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਲਾਹੌਰ ਇਸ ਸਮੇਂ ਵਿਸ਼ਵ ਪੱਧਰ ‘ਤੇ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਸ਼ਹਿਰਾਂ ਵਿੱਚੋਂ ਇੱਕ ਹੈ। ਲਾਹੌਰ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਹਫਤੇ ਦੇ ਅੰਤ ਵਿੱਚ 1,000 ਤੋਂ ਉੱਪਰ ਪਹੁੰਚ ਗਿਆ ਹੈ, ਜੋ ਕਿ ਪਾਕਿਸਤਾਨ ਵਿੱਚ ਸਭ ਤੋਂ ਵੱਧ ਹੈ। ਭਾਰਤ ਦੀ ਸਰਹੱਦ ਨਾਲ ਲੱਗਦੇ ਪੂਰਬੀ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿੱਚ ਹਵਾ ਦੀ ਗੁਣਵੱਤਾ ਪਿਛਲੇ ਮਹੀਨੇ ਤੋਂ ਖ਼ਰਾਬ ਹੋਣ ਲੱਗੀ ਹੈ। ਜ਼ਹਿਰੀਲੇ ਧੂੰਏਂ ਕਾਰਨ ਹਜ਼ਾਰਾਂ ਲੋਕ, ਮੁੱਖ ਤੌਰ ‘ਤੇ ਬੱਚੇ ਅਤੇ ਬਜ਼ੁਰਗ ਬਿਮਾਰ ਹੋਣ ਲੱਗੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।