ਰੇਲ ​​ਹਾਦਸੇ ‘ਚ ਵਧ ਰਿਹੈ ਮ੍ਰਿਤਕਾਂ ਦਾ ਅੰਕੜਾ 15 ਦੀ ਮੌਤ, ਦਰਜਨਾਂ ਜ਼ਖਮੀ, ਪੀਐਮ ‘ਤੇ ਰਾਸ਼ਟਰਪਤੀ ਨੇ ਜਤਾਇਆ ਦੁੱਖ

Global Team
3 Min Read

ਦਾਰਜੀਲਿੰਗ: ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸੋਮਵਾਰ ਸਵੇਰੇ 9 ਵਜੇ ਦੇ ਲਗਭਗ ਇੱਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ (13174) ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕੰਚਨਜੰਗਾ ਐਕਸਪ੍ਰੈਸ ਦੇ ਤਿੰਨ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹੁਣ ਤੱਕ ਦੋ ਲੋਕੋ ਪਾਇਲਟਾਂ ਅਤੇ ਇੱਕ ਗਾਰਡ ਸਮੇਤ 15 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 60 ਜ਼ਖਮੀ ਹਨ।

ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਸੀ। ਐਕਸਪ੍ਰੈੱਸ ਟਰੇਨ ਨੂੰ ਲਾਲ ਸਿਗਨਲ ਕਾਰਨ ਸਿਲੀਗੁੜੀ ਦੇ ਰੰਗਪਾਨੀ ਸਟੇਸ਼ਨ ਨੇੜੇ ਰੁਈਧਾਸਾ ‘ਤੇ ਰੋਕ ਦਿੱਤਾ ਗਿਆ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਪਾਇਲਟ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਸਪ੍ਰੈੱਸ ਟਰੇਨ ਦਾ ਇਕ ਡੱਬਾ ਮਾਲ ਗੱਡੀ ਦੇ ਇੰਜਣ ‘ਤੇ ਚੜ੍ਹ ਗਿਆ। ਬਾਕੀ ਦੋ ਡੱਬੇ ਪਟੜੀ ਤੋਂ ਉਤਰ ਗਏ। NDRF ਅਤੇ SDRF ਸਮੇਤ ਰੇਲਵੇ ਅਤੇ ਬੰਗਾਲ ਦੇ ਅਧਿਕਾਰੀ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ।

ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ ਸੀਪੀਆਰਓ ਸਬਿਆਸਾਚੀ ਡੇ ਨੇ ਕਿਹਾ, ਜਿਸ ਟ੍ਰੈਕ ‘ਤੇ ਹਾਦਸਾ ਵਾਪਰਿਆ ਹੈ, ਉਸ ਨੂੰ ਰਾਤ ਤੱਕ ਚਾਲੂ ਕਰ ਦਿੱਤਾ ਜਾਵੇਗਾ। ਡਾਊਨ ਕੰਚਨਜੰਗਾ ਐਕਸਪ੍ਰੈਸ ਰਾਤ ਨੂੰ ਵੀ ਚੱਲੇਗੀ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦਿੱਲੀ ਤੋਂ ਦਾਰਜੀਲਿੰਗ ਲਈ ਰਵਾਨਾ ਹੋ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਪੱਛਮੀ ਬੰਗਾਲ ਵਿਚ ਵਾਪਰਿਆ ਰੇਲ ਹਾਦਸਾ ਦੁਖਦਾਈ ਹੈ। ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ।

ਉੱਥੇ ਹੀ ਸ਼ਟਰਪਤੀ ਦਰੋਪਦੀ ਮੁਰਮੂ ਨੇ ਦੁੱਖ ਪ੍ਰਗਟ ਕੀਤਾ ਹੈ। ਟਵੀਟ ਕਰ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿਚ ਹੋਏ ਰੇਲ ਹਾਦਸੇ ਵਿਚ ਜਾਨਾਂ ਗੁਆਉਣ ਦੀ ਖ਼ਬਰ ਬਹੁਤ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਚਾਰ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ।

Share This Article
Leave a Comment