ਚੰਡੀਗੜ੍ਹ: ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਡ ਮਹੀਵਾਲ ਦੀ ਰਹਿਣ ਵਾਲੀ ਹੈ। ਉਹ ਸੀਆਈਐਸਐਫ ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਦਾ ਪਰਿਵਾਰ ਅਤੇ ਪੂਰਾ ਪਿੰਡ ਉਸ ਦੇ ਸਮਰਥਨ ‘ਚ ਖੜ੍ਹਾ ਆ ਗਿਆ ਹੈ।
ਦਿੱਲੀ ਪਹੁੰਚ ਕੇ ਕੰਗਨਾ ਨੇ ਸੀਆਈਐਸਐਫ ਦੀ ਡਾਇਰੈਕਟਰ ਜਨਰਲ ਨੀਨਾ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਲਈ CISF ਕਮਾਂਡੈਂਟ ਦਫਤਰ ਲਿਜਾਇਆ ਗਿਆ ਹੈ।
ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਉਸ ਦੀ ਛੋਟੀ ਭੈਣ ਕੁਲਵਿੰਦਰ ਕੌਰ ਹੈ। ਉਸ ਦੇ ਛੇ ਭੈਣ-ਭਰਾ ਹਨ ਅਤੇ ਛੇ ਸਾਲ ਪਹਿਲਾਂ ਉਸ ਦਾ ਵਿਆਹ ਜੰਮੂ ਦੇ ਸਿਮਰਨ ਸਿੰਘ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ, ਪੁੱਤਰ ਅਤੇ ਧੀ। ਕੁਲਵਿੰਦਰ ਕੌਰ ਪਿਛਲੇ ਦੋ ਸਾਲਾਂ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਇਨਾਤ ਹੈ।
ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਪਤੀ-ਪਤਨੀ ਦੋਵੇਂ CISF ‘ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ ਕਿ ਇਹ ਘਟਨਾ ਵਾਪਰੀ ਹੈ। ਉਸ ਅਨੁਸਾਰ ਕੰਗਣਾ ਨੇ ਕਿਹਾ ਕਿ ਉਹ ਮੰਡੀ ਦੀ ਸੰਸਦ ਮੈਂਬਰ ਹੈ, ਜਿਸ ‘ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਉਹ ਨਹੀਂ ਜਾਣਦੀ, ਇਸ ‘ਤੇ ਉਨ੍ਹਾਂ ਦੀ ਆਪਸ ‘ਚ ਬਹਿਸ ਹੋ ਗਈ ਅਤੇ ਮਾਮਲਾ ਭਖ ਗਿਆ। ਉਨ੍ਹਾਂ ਕਿਹਾ ਕਿ, ‘ਜਾਂਚ ਵਿੱਚ ਜੋ ਵੀ ਆਵੇਗਾ ਉਹ ਸਾਨੂੰ ਮਨਜ਼ੂਰ ਹੈ।’