KYC ਐਪ ਰਾਹੀਂ ਪੰਜਾਬ ਦੇ ਕਿਸੇ ਵੀ ਉਮੀਦਵਾਰ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ- ਸਿਬਿਨ ਸੀ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਡਕਾਸਟ ਦਾ ਚੌਥਾ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ) ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕੇ.ਵਾਈ.ਸੀ, ਸਕਸ਼ਮ, ਵੋਟਰ ਹੈਲਪਲਾਈਨ ਅਤੇ ਚੋਣ ਕਮਿਸ਼ਨ ਦੇ ਵੱਖ-ਵੱਖ ਮੋਬਾਇਲ ਐਪਾਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਜਮ੍ਹਾਂ ਕਰਵਾਏ ਐਫੀਡੈਵਟਾਂ ਬਾਬਤ ਕੇ.ਵਾਈ.ਸੀ ਐਪ (ਨੋ ਯੂਅਰ ਕੈਂਡੀਡੇਟ – ਆਪਣੇ ਉਮੀਦਵਾਰ ਨੂੰ ਜਾਣੋ) ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਐਪ ਨੂੰ ਐਨਡਰਾਇਡ/ਆਈਫੋਨ ਮੋਬਾਇਲ ਵਿਚ ਡਾਊਨਲੋਡ ਕਰਕੇ ਆਸਾਨ ਤਰੀਕੇ ਨਾਲ ਉਮੀਦਵਾਰਾਂ ਦੇ ਵੇਰਵੇ ਹਾਸਲ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਨੇ ਹੋਰ ਵੀ ਕਈ ਐਪਾਂ ਬਾਰੇ ਆਸਾਨ ਭਾਸ਼ਾ ਵਿਚ ਬਹੁਤ ਰੌਚਕ ਜਾਣਕਾਰੀ ਸਾਂਝੀ ਕੀਤੀ ਹੈ।

ਸਿਬਿਨ ਸੀ ਨੇ ਇਸ ਐਪੀਸੋਡ ਵਿਚ ਆਈ.ਟੀ. ਖੇਤਰ ਦੀਆਂ ਕਈ ਪਹਿਲਕਦਮੀਆਂ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਬਹੁਤ ਵਧੀਆਂ ਬੰਦੋਬਸਤ ਕੀਤੇ ਜਾ ਰਹੇ ਹਨ ਇਸ ਲਈ ਸਾਰੇ ਵੋਟਰ 1 ਜੂਨ ਨੂੰ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰਨ ਤੇ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਵਿਚ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਚੋਣਾਂ ਬਾਬਤ ਤਾਜ਼ੀ ਅਤੇ ਪੁਖਤਾ ਜਾਣਕਾਰੀ ਹਾਸਲ ਕਰਨ ਲਈ ਮੁੱਖ ਚੋਣ ਅਧਿਕਾਰੀ ਦੇ ਦਫਤਰ ਵੱਲੋਂ ਚਲਾਏ ਜਾ ਰਹੇ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਤੇ ਯੂ ਟਿਊਬ) ਅਤੇ ਵਟਸਐਪ ਚੈੱਨਲ ‘ਚੀਫ਼ ਇਲੈਕਟੋਰਲ ਆਫਿਸਰ, ਪੰਜਾਬ’ ਨੂੰ ਜ਼ਰੂਰ ਫਾਲੋ/ਸਬਸਕ੍ਰਾਈਬ ਕੀਤਾ ਜਾਵੇ।

Share This Article
Leave a Comment