ਆਪ ਦੀ ਰਾਜ ਸਭਾ ਸੰਸਦ ਮੈਂਬਰ ਨਾਲ ਕੇਜਰੀਵਾਲ ਦੇ ਘਰ ਹੋਈ ਬਦਸਲੂਕੀ!

Global Team
2 Min Read

ਨਵੀਂ ਦਿੱਲੀ:  ਆਮ ਆਦਮੀ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਟਾਫ਼ ਖਿਲਾਫ਼ ਸਨਸਨੀਖੇਜ਼ ਦੋਸ਼ ਲਾਏ ਹਨ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਇਕ ਮੈਂਬਰ ‘ਤੇ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ‘ਆਪ’ ਦੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਸੋਮਵਾਰ ਨੂੰ ਸਿਵਲ ਲਾਈਨਜ਼ ਥਾਣੇ ਪਹੁੰਚੀ ਅਤੇ ਉਕਤ ਦੋਸ਼ ਲਾਇਆ। ਪੁਲਿਸ ਨੂੰ ਹੁਣ ਤੱਕ ਇਸ ਮਾਮਲੇ ਵਿਚ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਲੀਵਾਲ ਨੇ ਕਹਾਸੁਣੀ ਮਗਰੋਂ ਪੀ. ਸੀ. ਆਰ. ਨੂੰ ਕਾਲ ਵੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਵੇਰੇ 10 ਵਜੇ ਦੋ ਫੋਨ ਕਾਲ ਕੀਤੇ ਗਏ ਸਨ। ਇਸ ਤੋਂ ਬਾਅਦ ਸਿਵਲ ਲਾਈਨਜ਼ ਥਾਣੇ ਦੀ ਇਕ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੀ ਸੀ। ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਮੁਤਾਬਕ ਸਵਾਤੀ ਨੇ ਸਿਵਲ ਲਾਈਨਜ਼ ‘ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਜਾਣਕਾਰੀ ਮੁਤਾਬਕ ਸਵੇਰੇ 9.34 ਵਜੇ ਪੀ. ਐੱਸ. ਸਿਵਲ ਲਾਈਨਜ਼ ਵਿਚ ਇਕ ਪੀ. ਸੀ. ਆਰ. ਕਾਲ ਆਈ। ਜਿਸ ਵਿਚ ਮਹਿਲਾ ਨੇ ਕਿਹਾ ਕਿ ਉਸ ਨਾਲ ਸੀ. ਐੱਮ. ਹਾਊਸ ‘ਚ ਕੁੱਟਮਾਰ ਹੋਈ ਹੈ। ਕੁਝ ਦੇਰ ਬਾਅਦ ਸੰਸਦ ਮੈਂਬਰ ਮੈਡਮ ਥਾਣਾ ਸਿਵਲ ਲਾਈਨਜ਼ ਆਈ ਪਰ ਬਾਅਦ ਵਿਚ ਸ਼ਿਕਾਇਤ ਦੇਣ ਦੀ ਗੱਲ ਕਹਿ ਕੇ ਚੱਲੀ ਗਈ। ਓਧਰ ਇਸ ਮਾਮਲੇ ‘ਤੇ ਸਿਆਸਤ ਸ਼ੁਰੂ ਹੋ ਗਈ ਹੈ। ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ ਨੇ ਕਿਹਾ ਕਿ ਕੇਜਰੀਵਾਲ ਦੇ ਘਰ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਨਾਲ ਹੋਈ ਹਿੰਸਾ ਅਤੇ ਪਰੇਸ਼ਾਨ ਕਰਨਾ ਬਹੁਤ ਗੰਭੀਰ ਅਪਰਾਧ ਹੈ। ਦਿੱਲੀ ਭਾਜਪਾ ਮਹਿਲਾ ਮੋਰਚਾ ਮੰਗ ਕਰਦੀ ਹੈ ਕਿ ਜੇਕਰ ਇਹ ਅਪਰਾਧ ਹੋਇਆ ਹੈ ਤਾਂ ਇਸ ਅਪਰਾਧ ਲਈ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਵੇ। ਅਸੀਂ ਸਾਰੀਆਂ ਭੈਣਾਂ ਸਵਾਤੀ ਮਾਲੀਵਾਲ ਦੇ ਨਾਲ ਹਾਂ, ਅਸੀਂ ਉਸ ਨੂੰ ਇਨਸਾਫ਼ ਦਿਵਾਵਾਂਗੇ।

Share This Article
Leave a Comment