ਕਾਂਗਰਸ ‘ਚੋਂ ਮੁਅੱਤਲ ਕੀਤੇ ਵਿਧਾਇਕ ਨੇ ਮੁੜ ਘੇਰਿਆ ਚੰਨੀ, ਕਿਹਾ ਬੀਬੀ ਜਗੀਰ ਕੌਰ ਨਾਲ ਕੀਤਾ ਗਲਤ ਵਿਵਹਾਰ ਹੋਵੇ ਪਰਚਾ’

Global Team
3 Min Read

ਫਿਲੌਰ: ਕਾਂਗਰਸ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਿਵਹਾਰ ‘ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਿੱਖ ਧਰਮ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਚੰਨੀ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਤਲਬ ਕਰਨ ਅਤੇ ਢੁਕਵੀਂ ਸਜ਼ਾ ਦੇਣ।

ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੱਥੇਦਾਰ ਨੂੰ ਪੱਤਰ ਵੀ ਲਿਖਣਗੇ।

ਜਲੰਧਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੰਨੀ ਦੀ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਦੀ ਵੀਡੀਓ ਵਾਇਰਲ ਹੋ ਗਈ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪੁੱਜੇ ਸਨ। ਇਸ ਨੂੰ ਲੈ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਵਿਧਾਇਕ ਚੌਧਰੀ ਨੇ ਚੰਨੀ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਆਖਿਆ ਕਿ ਬੀਬੀ ਜਗੀਰ ਕੌਰ ਇੱਕ ਅੰਮ੍ਰਿਤਧਾਰੀ ਸਿੱਖ ਔਰਤ ਹਨ ਜਿੰਨ੍ਹਾਂ ਨੇ ਤਿੰਨ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਪੰਥ ਦੀ ਸੇਵਾ ਕੀਤੀ ਹੈ ਅਤੇ ਉਹਨਾਂ ਨਾਲ ਜਨਤਕ ਦੁਰਵਿਹਾਰ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਚੰਨੀ ਨੂੰ ਤਨਖਾਹੀਆ ਕਰਾਰ ਦੇਣ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਵਿਰੁੱਧ ਧਾਰਮਿਕ ਭਾਵਨਾਵਾਂ ਅਤੇ ਇੱਕ ਔਰਤ ਦੀ ਇੱਜ਼ਤ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਲਈ ਆਈਪੀਸੀ ਦੀ ਧਾਰਾ 295ਏ ਅਤੇ ਧਾਰਾ 354ਏ ਤਹਿਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਤੋਂ ਵੀ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ।

ਵਿਧਾਇਕ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਵੇਂ ਚੰਨੀ ਨੂੰ ਪੰਜਾਬ ਦੇ ਦਲਿਤ ਚਿਹਰੇ ਵਜੋਂ ਪੇਸ਼ ਕਰ ਰਹੀ ਹੈ, ਪਰ ਅਸਲ ਵਿੱਚ ਉਹ ਆਪਣੇ ਵਾਰ-ਵਾਰ ਕੀਤੇ ਦੁਰਵਿਵਹਾਰ ਕਾਰਨ ਦਲਿਤ ਭਾਈਚਾਰੇ ‘ਤੇ ਕਲੰਕ ਬਣ ਗਏ ਹਨ।

ਕਾਂਗਰਸ ਲੀਡਰਸ਼ਿਪ ਨੂੰ ਫਿਰ ਤੋਂ ਚੇਤਾਵਨੀ ਦਿੰਦੇ ਹੋਏ ਫਿਲੌਰ ਵਿਧਾਇਕ ਨੇ ਆਖਿਆ ਕਿ ਪਾਰਟੀ ਅੱਖਾਂ ਖੋਲ੍ਹੇ ਤੇ ਚੰਨੀ ਵੱਲੋਂ ਪਿਛਲੇ ਸਾਲਾਂ ‘ਚ ਕੀਤੇ ਲਗਾਤਾਰ ਦੁਰਵਿਵਹਾਰ ਨੂੰ ਸਵੀਕਾਰ ਕਰੇ। ਚੰਨੀ ਦੇ ਨਵੇਂ ਵਰਤਾਰੇ ਕਾਰਨ ਸਮੁੱਚੇ ਸਿੱਖ ਜਗਤ ਵਿੱਚ ਭਾਰੀ ਰੋਸ ਹੈ। ਉਹਨਾਂ ਅੱਗੇ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਲਈ ਇਹ ਸ਼ਰਮਨਾਕ ਗੱਲ ਹੈ ਕਿ ਚੰਨੀ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਸੀਨੀਅਰ ਨੇਤਾਵਾਂ ਦੀ ਮੌਜੂਦਗੀ ਵਿੱਚ ਅਜਿਹਾ ਦੁਰਵਿਵਹਾਰ ਕੀਤਾ।

Share This Article
Leave a Comment