ਨਿਊਜ਼ ਡੈਸਕ: ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ ਦੁਨੀਆ ਦੀਆਂ ਬਿਹਤਰੀਨ ਸਿਹਤ ਸੇਵਾਵਾਂ ‘ਚ ਗਿਣੀ ਜਾਂਦੀ ਸੀ, ਪਰ ਇਹ ਕੁਝ ਸਾਲ ਪਹਿਲਾਂ ਸੀ। ਅੱਜ ਇਸ ਸੇਵਾ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ। ਹਾਲਾਤ ਅਹਿਜੇ ਹੋ ਗਏ ਹਨ ਕਿ ਇੱਥੋਂ ਦੇ ਹਸਪਤਾਲਾਂ ਦੀਆਂ ਡਰਾਉਣੀਆਂ ਕਹਾਣੀਆਂ ਨਿੱਤ ਸੁਰਖੀਆਂ ਵਿੱਚ ਰਹਿੰਦੀਆਂ ਹਨ। ਮਰੀਜ਼ਾਂ ਦੇ ਇਲਾਜ ਲਈ ਨਾ ਤਾਂ ਬੈੱਡ ਹਨ ਅਤੇ ਨਾ ਹੀ ਲੋੜੀਂਦੇ ਡਾਕਟਰ ਹਨ। ਡਾਕਟਰਾਂ ਵਲੋਂ ਹਸਪਤਾਲ ਦੇ ਗਲਿਆਰਿਆਂ ਵਿੱਚ ਹੀ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ। ਐਂਬੂਲੈਂਸ ਪੁੱਜਣ ‘ਚ ਦੇਰੀ ਆਮ ਹੀ ਗੱਲ ਹੈ। ਸੱਟ ਲੱਗਣ ‘ਤੇ ਇਲਾਜ ਲਈ 12 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ, ਦਿਲ ਦਾ ਦੌਰਾ ਪੈਣ ‘ਤੇ ਵੀ 8 ਘੰਟੇ ਉਡੀਕ ਕਰਨੀ ਪੈਂਦੀ ਹੈ। ਐਂਬੂਲੈਂਸ ਦਾ ਇੰਤਜ਼ਾਰ ਕਰਦਿਆਂ ਕਈ ਲੋਕਾਂ ਦੀ ਘਰ ਵਿੱਚ ਹੀ ਮੌਤ ਹੋ ਗਈ।
ਭਾਰਤ ਨੇ ਵਧਾਇਆ ਮਦਦ ਦਾ ਹੱਥ
ਅਜਿਹੇ ‘ਚ ਬ੍ਰਿਟੇਨ ਨੇ ਭਾਰਤ ਤੋਂ ਮਦਦ ਮੰਗੀ ਹੈ। ਭਾਰਤ ਵੀ ਇਸ ਲਈ ਤਿਆਰ ਹੋ ਗਿਆ ਹੈ। ਬ੍ਰਿਟੇਨ ਦੀ ਬੇਨਤੀ ‘ਤੇ, ਭਾਰਤ ਨੇ NHS ਨੂੰ 2000 ਡਾਕਟਰ ਭੇਜਣ ਲਈ ਸਹਿਮਤੀ ਦਿੱਤੀ ਹੈ। ਪਰ ਇਸ ਬਾਰੇ ਦੋ ਤਰ੍ਹਾਂ ਦੀਆਂ ਰਾਏ ਸਾਹਮਣੇ ਆ ਰਹੀਆਂ ਹਨ। ਕੁਝ ਲੋਕ ਇਸ ਪਹਿਲਕਦਮੀ ਨੂੰ NHS ਵਿੱਚ ਡਾਕਟਰਾਂ ਦੀ ਕਮੀ ਦੇ ਹੱਲ ਵਜੋਂ ਵੇਖਦੇ ਹਨ, ਜਦੋਂ ਕਿ ਦੂਜਿਆਂ ਨੇ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਤੋਂ ਇਨ੍ਹਾਂ ਡਾਕਟਰਾਂ ਦੇ ਬਾਹਰ ਜਾਣ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਜੋ ਡਾਕਟਰ ਇਸ ਵੇਲੇ ਮਦਦ ਲਈ ਜਾ ਰਹੇ ਹਨ, ਉਹ ਸਥਾਈ ਤੌਰ ‘ਤੇ ਉੱਥੇ ਰਹਿ ਸਕਦੇ ਹਨ।
ਭਾਰਤ ਤੋਂ 2000 ਡਾਕਟਰਾਂ ਦਾ ਪਹਿਲਾ ਬੈਚ ਜੋ ਯੂਕੇ ਦੀ ਰਾਸ਼ਟਰੀ ਸਿਹਤ ਸੇਵਾ ਵਿੱਚ ਕੰਮ ਕਰਨ ਲਈ ਜਾਵੇਗਾ, ਉਸ ਨੂੰ 6 ਤੋਂ 12 ਮਹੀਨਿਆਂ ਦੀ ਪੋਸਟ-ਗ੍ਰੈਜੂਏਟ ਸਿਖਲਾਈ ਤੋਂ ਬਾਅਦ ਬ੍ਰਿਟੇਨ ਦੇ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਜਾਵੇਗਾ। ਧਿਆਨ ਯੋਗ ਹੈ ਕਿ ਇਨ੍ਹਾਂ ਡਾਕਟਰਾਂ ਨੂੰ ਸਿਖਲਾਈ ਦੇਣ ਤੋਂ ਬਾਅਦ, ਉਨ੍ਹਾਂ ਨੂੰ ਬ੍ਰਿਟੇਨ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਪ੍ਰੋਫੈਸ਼ਨਲ ਅਤੇ ਭਾਸ਼ਾਈ ਮੁਲਾਂਕਣ ਬੋਰਡ ਯਾਨੀ PLAB ਦੀ ਪ੍ਰੀਖਿਆ ਪਾਸ ਨਹੀਂ ਕਰਨੀ ਪਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੋਜੈਕਟ ਲਈ ਸਿੱਧੇ ਤੌਰ ‘ਤੇ ਬ੍ਰਿਟਿਸ਼ ਸਰਕਾਰ ਵੱਲੋਂ ਫੰਡ ਦਿੱਤੇ ਜਾਣਗੇ। ਇਸ ਰਾਹੀਂ ਭਰਤੀ ਕੀਤੇ ਗਏ ਡਾਕਟਰਾਂ ਨੂੰ ਪੱਕੀ ਨੌਕਰੀ ਨਹੀਂ ਮਿਲੇਗੀ ਪਰ ਇਸ ਤੋਂ ਹਾਸਲ ਕੀਤਾ ਗਿਆ ਤਜਰਬਾ ਨਾ ਸਿਰਫ਼ ਡਾਕਟਰਾਂ ਲਈ ਸਗੋਂ ਮੁਲਕਾਂ ਲਈ ਵੀ ਅਹਿਮ ਹੋਵੇਗਾ।