ਬਰੈਂਪਟਨ: ਬਰੈਂਪਟਨ ਦੇ ਫੂਡ ਡਲਿਵਰੀ ਡਰਾਈਵਰ ਗੁਰਵਿੰਦਰ ਨਾਥ ‘ਤੇ ਹਿੰਸਕ ਤੌਰ ਉੱਤੇ ਹਮਲਾ ਕਰਨ, ਕਾਰਜੈਕਿੰਗ ਕਰਨ ਤੇ ਉਸ ਨੂੰ ਸੜਕ ਕਿਨਾਰੇ ਮਰਨ ਲਈ ਛੱਡ ਦੇਣ ਵਾਲੇ ਇੱਕ ਹੋਰ ਨੌਜਵਾਨ ਨੂੰ ਕਤਲ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ।
ਪੀਲ ਪੁਲਿਸ ਅਨੁਸਾਰ 21 ਸਾਲ ਦਾ ਜਾਜ਼ੇਨ ਕੈਰਹੈਜ਼ ਬ੍ਰੈਂਪਟਨ ਦਾ ਰਹਿਣ ਵਾਲਾ ਹੈ। ਵੀਰਵਾਰ 15 ਫ਼ਰਵਰੀ ਨੂੰ ਪੁਲਿਸ ਨੇ ਬ੍ਰੈਂਪਟਨ ਦੇ ਇੱਕ ਘਰ ਵਿਚ ਛਾਪੇਮਾਰੀ ਕਰਕੇ ਇਸ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਜ਼ੇਨ ਨੂੰ ਦੂਸਰੇ ਦਰਜੇ ਦੇ ਕਤਲ, ਅਣਅਧਿਕਾਰਤ ਤੌਰ ‘ਤੇ ਹਥਿਆਰ ਰੱਖਣ ਅਤੇ ਲਾਪਰਵਾਹੀ ਨਾਲ ਹਥਿਆਰ ਰੱਖਣ ਲਈ ਚਾਰਜ ਕੀਤਾ ਗਿਆ ਹੈ।
ਦਸ ਦਈਏ ਕਿ 24 ਸਾਲ ਦਾ ਗੁਰਵਿੰਦਰ ਨਾਥ 9 ਜੁਲਾਈ 2023 ਨੂੰ ਮਿਸਿਸਾਗਾ ਦੇ ਬ੍ਰਿਟੇਨੀਆ ਰੋਡ ਅਤੇ ਕ੍ਰੈਡਿਟਵਿਊ ਰੋਡ ਇਲਾਕੇ ਵਿਚ ਰਾਤ 2:10 ਵਜੇ ਪੀਜ਼ਾ ਡਿਲੀਵਰ ਕਰਨ ਗਿਆ ਸੀ। ਜਦੋਂ ਉਹ ਡਿਲੀਵਰੀ ਦੇ ਪਤੇ ‘ਤੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਗੁਰਵਿੰਦਰ ਅਤੇ ਮਸ਼ਕੂਕਾਂ ਦਰਮਿਆਨ ਝੜਪ ਹੋ ਗਈ। ਮਸ਼ਕੂਕਾਂ ਨੇ ਉਸ ਨਾਲ ਕੁੱਟਮਾਰ ਕਰਕੇ ਉਸ ਤੋਂ ਗੱਡੀ ਖੋਹ ਲਈ। ਫਿਰ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਸੜਕ ਕਿਨਾਰੇ ਛੱਡ ਕੇ ਉੱਥੋਂ ਫਰਾਰ ਹੋ ਗਏ।
ਗੁਰਵਿੰਦਰ ਦੀ ਮਦਦ ਲਈ ਬਹੁਤ ਸਾਰੇ ਚਸ਼ਮਦੀਦ ਆਏ ਅਤੇ ਉਨ੍ਹਾਂ ਨੇ ਪੁਲਿਸ ਨੂੰ ਕਾਲ ਕੀਤੀ। ਗੁਰਵਿੰਦਰ ਨੂੰ ਟਰੌਮਾ ਸੈਂਟਰ ਭਰਤੀ ਲਿਜਾਇਆ ਗਿਆ, ਪਰ ਹਮਲੇ ਤੋਂ ਪੰਜ ਦਿਨਾਂ ਬਾਅਦ 14 ਜੁਲਾਈ ਨੂੰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਨਾਥ ਦੀ ਗੱਡੀ ਮਿਸੀਸਾਗਾ ਵਿੱਚ ਓਲਡ ਡੈਰੀ ਰੋਡ ਤੇ ਓਲਡ ਕ੍ਰੈਡਿਟਵਿਊ ਰੋਡ ਇਲਾਕੇ ਵਿੱਚੋਂ ਮਿਲੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।