ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪਾਰਲੀਮੈਂਟ ਚੋਣਾਂ ਦੇ ਮੱਦੇਨਜਰ ਇੰਡੀਆ ਗਠਜੋੜ ਵਿਚ ਸ਼ਾਮਲ ਧਿਰਾਂ ਦੇ ਗਠਜੋੜ ਵਿਚ ਬਣੇ ਰਹਿਣ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਹਨ। ਕੀ ਇਹ ਗਠਜੋੜ ਟੁੱਟ ਜਾਵੇਗਾ? ਇੰਡੀਆ ਗਠਜੋੜ ਦਾ ਰੂਪ ਬਦਲੇਗਾ? ਜੇਕਰ ਮੌਜੂਦਾ ਰਾਜਸੀ ਸਥਿਤੀਆਂ ਨੂੰ ਵੇਖਿਆ ਜਾਵੇ ਤਾਂ ਇਹ ਸਵਾਲ ਪੈਦਾ ਹੋਣੇ ਸੁਭਾਵਿਕ ਹਨ। ਪਹਿਲਾਂ ਪੰਜਾਬ ਦੀ ਹੀ ਗਲ਼ ਕੀਤੀ ਜਾਵੇ ਤਾਂ ਇੰਡੀਆ ਗਠਜੋੜ ਵਿਚ ਸ਼ਾਮਲ ਦੋਹਾਂ ਧਿਰਾਂ ਵਲੋਂ ਇਕ ਦੂਜੇ ਵਿਰੁੱਧ ਬੋਲਣ ਦੀ ਕਸਰ ਨਹੀਂ ਛੱਡੀ ਜਾ ਰਹੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਫ ਆਖ ਦਿੱਤਾ ਹੈ ਕਿ ਆਪ ਪੰਜਾਬ ਦੀਆਂ ਸਾਰੀਆਂ ਤੇਰਾਂ ਸੀਟਾਂ ਲਈ ਚੋਣ ਲੜੇਗੀ ਅਤੇ ਸਾਰੀਆਂ ਸੀਟਾਂ ਲਈ ਜਿੱਤ ਹਾਸਲ ਕੀਤੀ ਜਾਵੇਗੀ। ਕਾਂਗਰਸ ਪੰਜਾਬ ਦੇ ਕਈ ਵੱਡੇ ਆਗੂ ਤਾਂ ਪਹਿਲਾਂ ਹੀ ਆਪ ਨਾਲ ਸਾਂਝ ਦਾ ਵਿਰੋਧ ਕਰ ਰਹੇ ਹਨ ਪਰ ਪਾਰਟੀ ਹਾਈ ਕਮਾਂਡ ਨੇ ਅਜੇ ਫੈਸਲਾ ਕਰਨਾ ਹੈ। ਹੁਣ ਪੰਜਾਬ ਦੇ ਆਗੂ ਜਿਲਿਆਂ ਅੰਦਰ ਮੀਟਿੰਗਾਂ ਕਰਕੇ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਗਠਜੋੜ ਅਤੇ ਲੋਕ ਸਭਾ ਚੋਣਾਂ ਬਾਰੇ ਰਾਇ ਲੈ ਰਹੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਰਾਇ ਲੈਣ ਬਾਅਦ ਹੀ ਗਠਜੋੜ ਬਾਰੇ ਸਥਿਤੀ ਸਪਸ਼ਟ ਹੋਵੇਗੀ।
ਗੱਲ ਕੇਵਲ ਪੰਜਾਬ ਦੀ ਹੀ ਨਹੀਂ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਆਖ ਦਿੱਤਾ ਹੈ ਕਿ ਉਹ ਗਠਜੋੜ ਵਿਚ ਸ਼ਾਮਲ ਨਹੀਂ ਹੋਣਗੇ ਕਿਉਂ ਜੋ ਕਾਂਗਰਸ ਨੇ ਉਨਾਂ ਦੇ ਪ੍ਰਸਤਾਵ ਨੂੰ ਪ੍ਰਵਾਨ ਨਹੀਂ ਕੀਤਾ ਹੈ ।ਇਹ ਵੀ ਕਿਹਾ ਜਾ ਰਿਹਾ ਹੈ ਕਿ ਬੰਗਾਲ ਕਾਂਗਰਸ ਦੇ ਪ੍ਰਧਾਨ ਨੇ ਗਠਜੋੜ ਨੂੰ ਸਾਬੋਤਾਜ ਕੀਤਾ ਹੈ। ਕਾਂਗਰਸ ਦਾ ਕਹਿਣਾ ਹੈ ਕਿ ਬੰਗਾਲ ਬਗੈਰ ਗਠਜੋੜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਨੇ ਮਮਤਾ ਨਾਲ ਫੋਨ ਉੱਪਰ ਗੱਲਬਾਤ ਵੀ ਕੀਤੀ ਹੈ। ਇਸ ਤਰਾਂ ਮਮਤਾ ਦੀ ਮੰਨੀ ਜਾਵੇ ਤਾਂ ਗਠਜੋੜ ਦੇ ਬਾਹਰ ਹੈ। ਹੁਣ ਜੇਕਰ ਪੰਜਾਬ ਅਤੇ ਬੰਗਾਲ ਇੰਡੀਆ ਗਠਜੋੜ ਦੇ ਬਾਹਰ ਹਨ ਤਾਂ ਇਉਂ ਗਠਜੋੜ ਦਾ ਵਜੂਦ ਹੀ ਕੀ ਹੈ?
ਉਸ ਵੇਲੇ ਗਠਜੋੜ ਨੂੰ ਹੋਰ ਵੱਡਾ ਝਟਕਾ ਲੱਗਾ ਜਦੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਾਰੇ ਇਹ ਖਬਰਾਂ ਆ ਗਈਆਂ ਕਿ ਉਹ ਭਾਜਪਾ ਨਾਲ ਜਾ ਸਕਦੇ ਹਨ। ਜੇਕਰ ਇਹ ਸਹੀ ਹੈ ਤਾਂ ਪੰਜਵੀਂ ਵਾਰ ਪਲਟੀ ਮਾਰਨਗੇ ਜਨਾਬ ਨਿਤੀਸ਼ ਕੁਮਾਰ।
ਇਸ ਸਥਿਤੀ ਵਿਚ ਕਾਂਗਰਸ ਦੀ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਭਾਜਪਾ ਵਿਰੋਧੀ ਖੇਮੇ ਨੂੰ ਇਕ ਪਲੇਟਫਾਰਮ ਉੱਪਰ ਇੱਕਠਾ ਰਖ ਸਕਦੇ ਹਨ ਕਿ ਨਹੀਂ । ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਨਿਆਂ ਯਾਤਰਾ ਸ਼ੁਰੂ ਕੀਤੀ ਹੋਈ ਹੈ ਜੋ ਕਿ ਭਾਜਪਾ ਅਤੇ ਆਰ ਐਸ ਐਸ ਨੂੰ ਨਿਸ਼ਾਨੇ ਉੱਪਰ ਲੈ ਰਹੀ ਹੈ । ਇਸ ਤਰਾਂ ਕਾਂਗਰਸ ਨੂੰ ਭਾਜਪਾ ਵਿਰੁੱਧ ਲੜਾਈ ਲੜਨ ਦੇ ਨਾਲ ਨਾਲ ਭਾਜਪਾ ਸਰਕਾਰਾਂ ਦੀ ਸਖਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਗਠਜੋੜ ਦਾ ਬਣੇ ਰਹਿਣਾ ਜਾਂ ਟੁੱਟ ਜਾਣਾ ਦੇਸ਼ ਦੀ ਰਾਜਨੀਤੀ ਲਈ ਅਹਿਮ ਮੁੱਦਾ ਹੈ।
ਸੰਪਰਕਃ9814002186