INDIA ਗੱਠਜੋੜ ਦੀ ਅੱਜ ਅਹਿਮ ਮੀਟਿੰਗ, ਸੀਟਾਂ ਦੀ ਵੰਡ ‘ਤੇ ਆ ਸਕਦਾ ਫੈਸਲਾ

Global Team
3 Min Read

ਨਵੀਂ ਦਿੱਲੀ: INDIA ਗੱਠਜੋੜ ਦੀ ਅੱਜ ਅਹਿਮ ਮੀਟਿੰਗ ਹੈ, ਜੋ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਵੇਗੀ। ਇਸ ਮੀਟਿੰਗ ‘ਚ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਦੇ ਵੱਡੇ ਲੀਡਰ ਵੀਡੀਓ ਕਾਨਫੰਰਸਿੰਗ ਰਾਹੀਂ ਜੁੜਨਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲਾਲੂ ਯਾਦਵ ਅਤੇ ਤੇਜਸਵੀ ਯਾਦਵ, ਸ਼ਿਵ ਸੈਨਾ (ਯੂਟੀਬੀ) ਊਧਵ ਠਾਕਰੇ, ਸੰਜੇ ਰਾਉਤ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ।

ਰਿਪੋਰਟਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਨਿਤੀਸ਼ ਕੁਮਾਰ ਨੂੰ ਕੋਆਰਡੀਨੇਟਰ ਲਗਾਇਆ ਜਾ ਸਕਦਾ ਹੈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੀਆਂ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਚਰਚਾ ਕੀਤੀ ਜਾ ਸਕਦੀ ਹੈ।

ਉੱਥੇ ਹੀ ਦੂਜੇ ਪਾਸੇ ਬੈਠਕ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੇ ਗਠਜੋੜ ਨੂੰ ਝਟਕਾ ਦਿੱਤਾ ਹੈ। ਤ੍ਰਿਣਮੂਲ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ। ਮਮਤਾ ਨੇ ਸੀਟਾਂ ਦੀ ਵੰਡ ਦੇ ਮੁੱਦੇ ‘ਤੇ ਪਹਿਲਾਂ ਹੀ ਕਾਂਗਰਸ ਤੋਂ ਦੂਰੀ ਬਣਾਈ ਰੱਖੀ ਹੈ। ਉਹ ਬੰਗਾਲ ‘ਚ ਕਾਂਗਰਸ ਨੂੰ 2 ਸੀਟਾਂ ਦੇਣ ‘ਤੇ ਅੜੀ ਹੋਈ ਹੈ। ਸੂਤਰਾਂ ਮੁਤਾਬਕ ਮਮਤਾ ਵੀ ਨਿਤੀਸ਼ ਕੁਮਾਰ ਨੂੰ ਗਠਜੋੜ ਦਾ ਕੋਆਰਡੀਨੇਟਰ ਬਣਾਉਣ ਦੀ ਮੰਗ ਤੋਂ ਖੁਸ਼ ਨਹੀਂ ਹੈ।

ਤ੍ਰਿਣਮੂਲ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੀਟਿੰਗ ਦੀ ਜਾਣਕਾਰੀ ਕਾਫੀ ਦੇਰ ਨਾਲ ਮਿਲੀ ਅਤੇ ਮਮਤਾ ਦੇ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸਨ। ਇਸ ਕਾਰਨ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਹੀ। ਰਿਪੋਰਟ ਮੁਤਾਬਕ ਇਹ ਮੀਟਿੰਗ ਕੁਝ ਦਿਨ ਪਹਿਲਾਂ ਹੋਣੀ ਸੀ, ਪਰ ਕਿਸੇ ਕਾਰਨ ਇਹ ਆਖਰੀ ਸਮੇਂ ‘ਤੇ ਰੱਦ ਕਰ ਦਿੱਤੀ ਗਈ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮਮਤਾ ਬੈਨਰਜੀ ਨੇ ਮੀਟਿੰਗ ਵਿੱਚ ਆਉਣ ਤੋਂ ਇਨਕਾਰ ਕੀਤਾ ਹੈ। ਦਸੰਬਰ 2023 ਵਿੱਚ ਵੀ ਮਮਤਾ ਗਠਜੋੜ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਈ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਕਾਂਗਰਸ ਨੇ ਮੀਟਿੰਗ ਦੀ ਜਾਣਕਾਰੀ ਦੋ ਦਿਨ ਪਹਿਲਾਂ ਦਿੱਤੀ ਸੀ। ਅਜਿਹੀ ਸਥਿਤੀ ਵਿੱਚ, ਮੈਂ ਆਪਣੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮਾਂ ਨੂੰ ਰੱਦ ਨਹੀਂ ਕਰ ਸਕਦੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment