ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਵਿਚ ਨੰਹੁ ਮਾਸ ਦੇ ਰਿਸ਼ਤਿਆਂ ਦਾ ਦਹਾਕਿਆਂ ਤੱਕ ਦਾਅਵਾ ਕਰਨ ਵਾਲੀਆਂ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਮੌਜੂਦਾ ਪ੍ਰਸਥਿਤੀਆਂ ਵਿੱਚ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਨਜ਼ਰ ਆ ਰਹੇ ਹਨ। ਬੇਸ਼ੱਕ ਕਿਸਾਨ ਅੰਦੋਲਨ ਵੇਲੇ ਹੀ ਦੋਵੇਂ ਧਿਰਾਂ ਅਲੱਗ ਅਲੱਗ ਹੋ ਗਈਆਂ ਸਨ ਪਰ ਪਿਛਲੇ ਸਮਿਆਂ ਵਿੱਚ ਲਗਾਤਾਰ ਇਹ ਅਟਕਲਾਂ ਲਗਦੀਆਂ ਰਹੀਆਂ ਕਿ ਅਕਾਲੀ ਦਲ ਅਤੇ ਭਾਜਪਾ ਦਾ ਪੰਜਾਬ ਵਿੱਚ ਮੁੜ ਗਠਜੋੜ ਹੋਏਗਾ। ਦੋਹਾਂ ਪਾਰਟੀਆਂ ਦੀ ਪੰਜਾਬ ਵਿਧਾਨ ਸਭਾ ਚੋਣ ਵਿੱਚ ਕਾਰਗੁਜ਼ਾਰੀ ਬਹੁਤ ਮਾੜੀ ਰਹੀ। ਇਹ ਕਿਹਾ ਜਾਣ ਲੱਗਾ ਕਿ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਹੈ। ਅਜਿਹੀ ਸਥਿਤੀ ਵਿੱਚ ਪਾਰਲੀਮੈਂਟ ਦੀ ਚੋਣ ਦੇ ਮੱਦੇਨਜਰ ਦੋਹਾਂ ਧਿਰਾਂ ਵਿੱਚ ਮੁੜ ਏਕੇ ਦੀ ਚਰਚਾ ਸ਼ੁਰੂ ਹੋਈ ਪਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਭਾਜਪਾ ਲੀਡਰਸ਼ਿਪ ਵਲੋਂ ਜੋ ਵਤੀਰਾ ਅਪਣਾਇਆ ਗਿਆ ਉਸ ਨਾਲ ਛੇਤੀ ਸਪਸ਼ਟ ਹੋ ਗਿਆ ਕਿ ਭਾਜਪਾ ਆਪਣੇ ਤਰੀਕੇ ਨਾਲ ਅਕਾਲੀ ਦਲ ਨੂੰ ਸੁਨੇਹਾ ਦੇ ਗਈ ਹੈ ਕਿ ਭਾਜਪਾ ਲਈ ਅਕਾਲੀ ਦਲ ਦੀ ਕਿੰਨੀ ਅਹਿਮੀਅਤ ਹੈ ? ਖਾਸ ਤੌਰ ਤੇ ਲੋਕ ਸਭਾ ਵਿੱਚ ਬੀਬਾ ਹਰਸਿਮਰਤ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਜਿਸ ਨੂੰ ਗਲਤੀ ਦਾ ਅਹਿਸਾਸ ਨਹੀਂ ਹੈ ਤਾਂ ਉਸ ਦੀ ਸਜ਼ਾ ਕਿਵੇਂ ਮੁਆਫ ਹੋ ਸਕਦੀ ਹੈ? ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਬਾਰੇ ਤਿੱਖਾ ਪ੍ਰਤੀਕਰਮ ਦਿੱਤਾ ।
ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਵਿਖੇ ਜਾਗੋ ਪਾਰਟੀ ਦੇ ਅਕਾਲੀ ਨੇਤਾ ਮਨਜੀਤ ਸਿੰਘ ਜੀ ਕੇ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ ਤਾਂ ਪੰਥਕ ਏਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਮੁਸਲਿਮ ਭਾਈਚਾਰਾ ਇੱਕਠਾ ਨਹੀਂ ਹੈ ਤਾਂ ਅਠਾਰਾਂ ਫੀਸਦੀ ਆਬਾਦੀ ਹੋਣ ਦੇ ਬਾਵਜੂਦ ਬਾਬਰੀ ਮਸਜਿਦ ਦੀ ਲੜਾਈ ਠੀਕ ਢੰਗ ਨਾਲ ਨਹੀਂ ਲੜ ਸਕੇ। ਅਕਾਲੀ ਦਲ ਦੇ ਪ੍ਰਧਾਨ ਦਾ ਭਾਜਪਾ ਨੇ ਬਹੁਤ ਤਿੱਖਾ ਵਿਰੋਧ ਕੀਤਾ ਹੈ । ਭਾਜਪਾ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਪੰਥ ਅਤੇ ਪੰਜਾਬ ਵਿੱਚ ਕੋਈ ਪੁੱਛ ਨਹੀਂ ਰਿਹਾ, ਇਸ ਕਰਕੇ ਸੁਖਬੀਰ ਬਾਦਲ ਅਜਿਹੇ ਬਿਆਨ ਦੇ ਰਿਹਾ ਹੈ। ਪੰਜਾਬ ਵਿਚ ਕੌਣ ਕਿਸ ਦੇ ਨਾਲ ਹੈ? ਇਸ ਦਾ ਜਵਾਬ ਤਾਂ ਪੰਜਾਬੀ ਦੇਣਗੇ ਪਰ ਅਕਾਲੀ ਦਲ ਅਤੇ ਭਾਜਪਾ ਵੱਖੋ ਵੱਖਰੇ ਰਾਹ ਤਲਾਸ਼ ਰਹੇ ਹਨ।
ਸੰਪਰਕਃ 9814002186