ਖੇਤੀ ਆਰਡੀਨੈਂਸ: ਕਿਸਾਨਾਂ ਦਾ ਰੋਹ; ਹਰਸਿਮਰਤ ਕੌਰ ਬਾਦਲ ਦਾ ਅਸਤੀਫਾ – ਪੜ੍ਹੋ ਪ੍ਰਤੀਕਰਮ

TeamGlobalPunjab
6 Min Read

-ਅਵਤਾਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫੇ ਦੀ ਖਬਰ ਵੀਰਵਾਰ ਦੀ ਸ਼ਾਮ ਤੋਂ ਸੋਸ਼ਲ ਮੀਡੀਆ ਉੱਤੇ ਲੋਕਾਂ ਦੀਆਂ ਉਂਗਲੀਆਂ ਦੇ ਪੋਟਿਆਂ ਹੇਠ ਘੁੰਮ ਰਹੀ ਹੈ। ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹਨ ਉਹਨਾਂ ਨੇ ਇਸ ਖ਼ਬਰ ਦੀ ਸੁਰਖੀ ਸ਼ੁਕਰਵਾਰ ਸਵੇਰ ਨੂੰ ਅਖਬਾਰਾਂ ਵਿੱਚ ਛਪੀ ਹੋਈ ਦੇਖੀ।

ਪਿੰਡਾਂ ਅਤੇ ਸ਼ਹਿਰਾਂ ਵਿੱਚ ਬੈਠੇ ਅੰਨਦਾਤਾ/ਕਿਸਾਨਾਂ ਦੇ ਹਮਾਇਤੀ ਇਹ ਖ਼ਬਰ ਪੜ੍ਹ ਕੇ ਆਪਣਾ ਆਪਣਾ ਪ੍ਰਤੀਕਰਮ ਦੇ ਰਹੇ ਹਨ ਕਿ ਜੇ ਬਾਦਲ ਪਰਿਵਾਰ ਨੇ ਕਿਸਾਨ ਦੇ ਹੱਕ ਵਿੱਚ ਆਉਣਾ ਸੀ ਤਾਂ ਪਹਿਲ ਕਰਨੀ ਚਾਹੀਦੀ ਸੀ। ਕਿਸਾਨਾਂ ਨੂੰ ਇਸ ਮਹਾਮਾਰੀ ਵਿਚ ਝੋਕਣਾ ਜ਼ਰੂਰੀ ਸੀ। ਕਿਸਾਨ ਪਰਿਵਾਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਸੰਘਰਸ਼ ਵਿੱਚ ਕੁੱਦ ਪਏ ਹਨ।

ਲੋਕਾਂ ਦਾ ਕਹਿਣਾ ਹੈ ਕਿ ਇਹ ਨਿਰੀ ਸਿਆਸਤ ਹੈ। ਚੁਫੇਰਿਉਂ ਘਿਰੇ ਬਾਦਲ ਪਰਿਵਾਰ ਨੂੰ ਇਸ ਦਾ ਬਹੁਤਾ ਲਾਭ ਮਿਲਣ ਵਾਲਾ ਨਹੀਂ ਲਗਦਾ ਕਿਉਂਕਿ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰ ਸਰਕਾਰ ਵਿੱਚ ਮੰਤਰੀ ਰਹਿੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਆਰਡੀਨੈਂਸਾਂ ਦੇ ਪੱਖ ਵਿੱਚ ਬਿਆਨ ਦਿੱਤੇ ਸਨ।

- Advertisement -

ਹੁਣ ਸੜਕਾਂ ‘ਤੇ ਉਤਰੇ ਕਿਸਾਨਾਂ ਦੇ ਗੁੱਸੇ ਨੂੰ ਭਾਂਪਦਿਆਂ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਅਖਾਉਣ ਵਾਲੀ ਅਕਾਲੀ ਦਲ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਕਿਸਾਨਾਂ ਦੇ ਰੋਹ ਦਾ ਜਦੋਂ ਅਕਾਲੀ ਆਗੂਆਂ ਨੂੰ ਅਹਿਸਾਸ ਹੋਇਆ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇਣਾ ਇੱਕ ਮਜਬੂਰੀ ਬਣ ਗਿਆ। ਅਕਾਲੀ ਦਲ ਨੂੰ ਭਵਿੱਖ ਵਿੱਚ ਇਸ ਦਾ ਕੋਈ ਬਹੁਤ ਫਾਇਦਾ ਨਹੀਂ ਮਿਲਦਾ ਜਾਪਦਾ ਹੈ। ਹਾਲ ਦੀ ਘੜੀ ਲੋਕਾਂ ਦਾ ਗੁੱਸਾ ਠੰਢਾ ਕਰਨ ਵਿੱਚ ਤਾਂ ਅਕਾਲੀ ਦਲ ਨੂੰ ਇਸ ਦੀ ਮਦਦ ਮਿਲ ਸਕਦੀ ਹੈ। ਪਰ ਭਾਦੋਂ ਵਿੱਚ ਭੁੱਖਣ ਭਾਣੇ ਸੜਕਾਂ ‘ਤੇ ਉਤਰੇ ਅੰਨਦਾਤਾ ਦੇ ਪੈਰਾਂ ਦੇ ਛਾਲੇ ਕਿਸੇ ਨੂੰ ਮੁਆਫ ਨਹੀਂ ਕਰਨਗੇ।

ਮਾਲਵੇ ਦੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕੇਂਦਰ ਦੀ ਕੁਰਸੀ ਛੱਡ ਦਿੱਤੀ। ਰਿਪੋਰਟਾਂ ਅਨੁਸਾਰ ਹਰਸਿਮਰਤ ਕੌਰ ਬਾਦਲ ਨੇ ਆਪਣਾ ਅਸਤੀਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿੱਤਾ ਹੈ। ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਬੀਬੀ ਬਾਦਲ ਗੈਰਹਾਜ਼ਰ ਸਨ। ਵੀਰਵਾਰ ਦੇਰ ਸ਼ਾਮ ਉਨ੍ਹਾਂ ਟਵੀਟ ਲਿਖਿਆ, ‘‘ਮੈਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿਚ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਿਸਾਨਾਂ ਨਾਲ ਧੀ-ਭੈਣ ਬਣ ਕੇ ਖੜ੍ਹੇ ਹੋਣ ਲਈ ਮਾਣ ਹੈ।’’

ਰਿਪੋਰਟਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਨਿਭਾਉਣ ਦਾ ਤਾਂ ਫੈਸਲਾ ਲਿਆ ਹੈ ਪ੍ਰੰਤੂ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਭਾਜਪਾ ਖ਼ਿਲਾਫ਼ ਸਟੈਂਡ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਇਸ ਸਿਆਸਤ ‘ਤੇ ਵੱਖ ਵੱਖ ਸਿਆਸੀ ਆਗੂਆਂ ਨੇ ਤਿੱਖੇ ਪ੍ਰਤੀਕਰਮ ਦਿੱਤੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਅਸਤੀਫ਼ੇ ਨੂੰ ਅਕਾਲੀ ਦਲ ਵੱਲੋਂ ਰਚੇ ਜਾ ਰਹੇ ਡਰਾਮਿਆਂ ਦੀ ਇਕ ਹੋਰ ਨੌਟੰਕੀ ਦੱਸਿਆ। ਖੇਤੀਬਾੜੀ ਬਿੱਲਾਂ ’ਤੇ ਕੇਂਦਰ ਵੱਲੋਂ ਅਕਾਲੀਆਂ ਦੇ ਮੂੰਹ ’ਤੇ ਚਪੇੜ ਮਾਰਨ ਦੇ ਬਾਵਜੂਦ ਅਕਾਲੀ ਦਲ ਨੇ ਹਾਲੇ ਤੱਕ ਸੱਤਾਧਾਰੀ ਗਠਜੋੜ ਨਾਲੋਂ ਨਾਤਾ ਨਹੀਂ ਤੋੜਿਆ। ਮੁੱਖ ਮੰਤਰੀ ਨੇ ਕਿਹਾ, ‘ਹਰਸਿਮਰਤ ਦਾ ਅਸਤੀਫ਼ਾ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਉਣ ਦੇ ਢਕਵੰਜ ਤੋਂ ਵੱਧ ਕੁਝ ਨਹੀਂ ਹੈ।

ਇਸੇ ਤਰ੍ਹਾ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੇ ਰੋਹ ਦੇ ਡਰੋਂ ਹਰਸਿਮਰਤ ਨੇ ਵਜ਼ੀਰੀ ਛੱਡੀ ਹੈ। ਚੀਮਾ ਨੇ ਕਿਹਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੀ ਪਿੱਠ ਵਿਚ ਛੁਰਾ ਮਾਰਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਦੀ ਹਾਜ਼ਰੀ ਵਾਲੀ ਕੈਬਨਿਟ ਮੀਟਿੰਗ ਵਿਚ ਆਰਡੀਨੈਂਸਾਂ ਦਾ ਫ਼ੈਸਲਾ ਹੋਇਆ।ਹੁਣ ਜਦੋਂ ਕਿਸਾਨਾਂ ਨੇ ਪਿੰਡਾਂ ਵਿਚ ਅਕਾਲੀ ਦਲ ਨੂੰ ਵੜਨ ਨਾ ਦੇਣ ਫ਼ੈਸਲਾ ਕਰ ਲਿਆ ਤਾਂ ਅਸਤੀਫ਼ਾ ਦੇਣਾ ਪਿਆ ਹੈ। ਚੀਮਾ ਨੇ ਕਿਹਾ ਕਿ ਅਸਤੀਫ਼ਾ ਹਾਲੇ ਪ੍ਰਵਾਨ ਨਹੀਂ ਹੋਇਆ ਅਤੇ ਹੋ ਸਕਦਾ ਹੈ ਕਿ ਇਸ ਪਿੱਛੇ ਵੀ ਅਕਾਲੀ ਦਲ ਦੀ ਸਾਜਿਸ਼ ਹੋਵੇ।

- Advertisement -

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹਰਸਿਮਰਤ ਦਾ ਅਸਤੀਫ਼ਾ ਪੰਜਾਬ ਦੇ ਕਿਸਾਨਾਂ ਦੀ ਜਿੱਤ ਹੈ। ਪੰਜਾਬ ਦੀ ਕਿਸਾਨੀ ਦੇ ਗੁੱਸੇ ਨੇ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਅਤੇ ਹੰਕਾਰ ਤੋੜ ਦਿੱਤਾ ਹੈ। ਅਕਾਲੀ ਦਲ ਦੋਗਲੀ ਨੀਤੀ ਚੱਲ ਰਿਹਾ ਹੈ। ਜੇ ਭਾਜਪਾ ਨੇ ਵੀ ਸਬਕ ਨਾ ਲਿਆ ਤਾਂ ਕਿਸਾਨਾਂ ਦਾ ਗੁੱਸਾ ਉਨ੍ਹਾਂ ਦੀ ਅੜੀ ਵੀ ਭੰਨ ਦੇਵੇਗਾ।

ਇੰਜ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਤਾਂ ਦੇ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਹਾਲੇ ਐੱਨ.ਡੀ.ਏ ਦਾ ਹਿੱਸਾ ਹੈ। ਐੱਨ.ਡੀ.ਏ ਦਾ ਹਿੱਸਾ ਬਣੇ ਰਹਿਣਾ ਸ਼੍ਰੋਮਣੀ ਅਕਾਲੀ ਦਲ ਦੀ ਨੀਅਤ ਨੂੰ ਸਾਬਿਤ ਕਰਦਾ ਹੈ।

ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ‘ਤੇ ਪ੍ਰਤੀਕਰਮ ਦਿੰਦਿਆਂ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਜਦੋਂ ਸੰਸਦ ਵਿੱਚ ਕਿਸਾਨ ਵਿਰੋਧੀ ਬਿੱਲ ਪੇਸ਼ ਕੀਤੇ ਜਾ ਰਹੇ ਸਨ ਉਦੋਂ ਬੀਬੀ ਹਰਸਿਮਰਤ ਕੌਰ ਨੇ ਇਸ ਦਾ ਵਿਰੋਧ ਕੋਈਂ ਨਹੀਂ ਕੀਤਾ। ਜੇ ਵਿਰੋਧ ਕਰਨਾ ਹੀ ਹੈ ਤਾਂ ਮੋਦੀ ਸਰਕਾਰ ਤੋਂ ਸਮਰਥਨ ਵੀ ਵਾਪਿਸ ਲਿਆ ਜਾਵੇ। ਢਕਵੰਜ ਨਾ ਕਰੋ, ਸਹੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਵੋ।

ਰਣਦੀਪ ਸਿੰਘ ਸੁਰਜੇਵਾਲਾ ਨੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੋਂ ਵੀ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਦੇਵੀ ਲਾਲ ਪਰਿਵਾਰ ਕਿਸਾਨ ਹਿਤੈਸ਼ੀ ਅਖਵਾਉਂਦਾ ਹੈ, ਇਸ ਲਈ ਦੁਸ਼ਯੰਤ ਨੂੰ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦਿਆਂ ਅਹੁਦਾ ਛਡਣਾ ਚਾਹੀਦਾ ਹੈ, ਕਿਸਾਨ ਵਿਰੋਧੀ ਭਾਜਪਾ ਤੋਂ ਕਿਨਾਰਾ ਕਰਨਾ ਬੇਹਤਰ ਹੈ।

Share this Article
Leave a comment