ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਇੰਡੀਆ ਗਠਜੋੜ ਦੀ ਦਿੱਲ਼ੀ ਵਿੱਚ ਹੋਈ ਮੀਟਿੰਗ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦਾ ਨਾਂ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਪਾਰਲੀਮੈਂਟ ਚੋਣ ਵਿ`ਚ ਉਮੀਦਵਾਰ ਵਜੋਂ ਪੇਸ਼ ਹੋਣ ਬਾਅਦ ਕੀ ਪੰਜਾਬ ਕਾਂਗਰਸ ਅਤੇ ਅਤੇ ਆਪ ਵਿਚਕਾਰ ਸਹਿਮਤੀ ਦੀ ਸੰਭਾਵਨਾ ਵਧ ਗਈ ਹੈ। ਇਹ ਸਵਾਲ ਤਾਂ ਪੰਜਾਬ ਦੀ ਰਾਜਨੀਤੀ ਨਾਲ ਸਬੰਧਤ ਹੈ ਪਰ ਇਸ ਦੀਆਂ ਤੰਦਾਂ ਕੇਂਦਰ ਦੀ ਰਾਜਨੀਤੀ ਨਾਲ ਜੁੜੀਆਂ ਹੋਈਆਂ ਹਨ। ਵਿਰੋਧੀ ਧਿਰਾਂ ਦੇ ਗਠਜੋੜ ਦੀ ਸ਼ਕਤੀ ਹੀ ਕਹੀ ਜਾ ਸਕਦੀ ਹੈ ਕਿ ਗਠਜੋੜ ਦੀ ਮੀਟਿੰਗ ਦੇ ਇਕ ਦਿਨ ਬਾਅਦ ਹੀ ਦਿੱਲੀ ਦੇ ਮੁਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕੀ ਦਸੰਬਰ ਲਈ ਆਏ ਸੰਮਨ ਨੂੰ ਲੈ ਕੇ ਬਗੈਰ ਕੁਝ ਕਹੇ ਹੀ ਈਡੀ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਈਡੀ ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਲਈ ਪੇਸ਼ੀ ਵਾਸਤੇ ਸੰਮਨ ਭੇਜੇ ਸਨ। ਕੇਜਰੀਵਾਲ ਅੱਜ ਵਿਪਾਸਨਾ ਲਈ ਹੁਸ਼ਿਆਰਪੁਰ ਦੇ ਪਿੰਡ ਆ ਗਏ ਹਨ ਅਤੇ ਅਗਲੇ ਦਸ ਦਿਨ ਇਧਰ ਹੀ ਰਹਿਣਗੇ। ਪੰਜਾਬ ਸਰਕਾਰ ਨੇ ਉਨਾਂ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਹਨ। ਇਹ ਦੇਖਿਆ ਜਾਵੇਗਾ ਕਿ ਈਡੀ ਇਸ ਮਾਮਲੇ ਵਿੱਚ ਕੀ ਰੁੱਖ ਲੈਂਦੀ ਹੈ ਪਰ ਕੇਜਰੀਵਾਲ ਨੇ ਦੱਸ ਦਿਤਾ ਹੈ ਕਿ ਇਸ ਤਰਾਂ ਦੇ ਸੰਮਨ ਦੀ ਪ੍ਰਵਾਹ ਨਹੀਂ ਕਰਦੇ। ਬਦਲ਼ੀ ਹੋਈ ਸਥਿਤੀ ਵਿੱਚ ਇੰਡੀਆ ਗਠਜੋੜ ਕੇਜਰੀਵਾਲ ਦੇ ਨਾਲ ਖੜੇਗਾ ਕਿਉਂ ਜੋ ਇੰਡੀਆ ਗਠਜੌੜ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪਾਰਲੀਮੈਂਟ ਮੈਂਬਰਾਂ ਨੂੰ ਮੁਅਤਲ ਕਰਨ ਵਿਰੁਧ ਗਠਜੋੜ ਦੀਆਂ ਪਾਰਟੀਆਂ ਸਾਰੇ ਰਾਜਾਂ ਵਿਚ ਰੋਸ ਪ੍ਰਗਟ ਕਰ ਰਹੀਆਂ ਹਨ। ਕੀ ਪੰਜਾਬ ਵਿਚ ਰੋਸ ਵਿਖਾਵੇ ਅਲਗ ਅਲਗ ਹੋਣਗੇ? ਅਜਿਹੀ ਸਥਿਤੀ ਦੋਹਾਂ ਧਿਰਾਂ ਲਈ ਹਾਸੋਹੀਣੀ ਹੋਵੇਗੀ।
ਦੂਜੇ ਪਾਸੇ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਦੀ ਲੀਡਰਸ਼ਿਪ ਦੇ ਕਹਿਣ ਉੱਤੇ ਹੀ ਕਾਰਵਾਈ ਹੋਵੇਗੀ। ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਆਖ ਚੁੱਕੇ ਹਨ ਕਿ ਪੰਜਾਬ ਵਿੱਚ ਭਾਜਪਾ ਦੇ ਟਾਕਰੇ ਕਾਂਗਰਸ ਅਤੇ ਗਠਜੋੜ ਹੀ ਕੰਮ ਕਰੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਆਖ ਗਏ ਹਨ ਕਿ ਕੇਂਦਰੀ ਲੀਡਰਸ਼ਿੱਪ ਦਾ ਫੈਸਲਾ ਮੰਨਿਆ ਜਾਵੇਗਾ। ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਨਿਸ਼ਾਨੇ ਤੇ ਲੈ ਰਹੇ ਹਨ।
ਸੰਪਰਕਃ 9814002186