ਚੰਡੀਗੜ੍ਹ : ਯੂਟੀ ਪ੍ਰਸ਼ਾਸਨ ਨੇ ਇਲੈਕਟ੍ਰਿਕ ਪਾਲਿਸੀ ਵਿੱਚ ਸੋਧ ਕਰ ਕੇ ਰਾਹਤ ਦਿੱਤੀ ਹੈ। ਹੁਣ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ ਨਹੀਂ ਕੀਤਾ ਜਾਏਗਾ। ਆਪਣੀ ਇਲੈਕਟ੍ਰਿਕ ਵਹੀਕਲ (EV) ਨੀਤੀ ਵਿੱਚ ਸੋਧ ਕਰਦਿਆਂ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਰਜਿਸਟ੍ਰੇਸ਼ਨ ਟੀਚੇ ਨੂੰ ਘਟਾ ਦਿੱਤਾ ਗਿਆ ਹੈ। ਹੁਣ ਪੈਟਰੋਲ ‘ਤੇ ਚੱਲਣ ਵਾਲੇ ਦੋ ਪਹੀਆ ਵਾਹਨਾਂ ‘ਤੇ ਜਲਦ ਪਾਬੰਦੀ ਨਹੀਂ ਲੱਗੇਗੀ। ਇਸ ਦੇ ਨਾਲ ਹੀ ਇਹ ਫ਼ੈਸਲਾ ਕੀਤਾ ਗਿਆ ਹੈ ਕਿ 75 ਫੀਸਦੀ ਪੈਟਰੋਲ ਨਾਲ ਚੱਲਣ ਵਾਲੇ ਦੋ ਪਹੀਆ ਵਾਹਨ ਅਤੇ 25 ਫੀਸਦੀ ਇਲੈਕਟ੍ਰਿਕ ਦੋਪਹੀਆ ਵਾਹਨ ਰਜਿਸਟਰਡ ਕੀਤੇ ਜਾਣਗੇ।ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
ਦੱਸ ਦੇਈਏ ਕਿ ਜੁਲਾਈ ਤੋਂ ਈਂਧਨ (ਪੈਟਰੋਲ ਜਾਂ ਡੀਜ਼ਲ) ਆਧਾਰਿਤ ਦੋਪਹੀਆ ਵਾਹਨਾਂ ਦਾ ਰਜਿਸਟ੍ਰੇਸ਼ਨ ਬੰਦ ਕਰਨ ਦਾ ਐਲਾਨ ਕੀਤਾ ਸੀ, ਜਦੋਂਕਿ ਦਸੰਬਰ ਤੋਂ ਈਂਧਨ ਆਧਾਰਿਤ ਕਾਰਾਂ ਦਾ ਰਜਿਸਟ੍ਰੇਸ਼ਨ ਬੰਦ ਕਰਨ ਬਾਰੇ ਕਿਹਾ ਗਿਆ ਸੀ।।
ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਗਰ ਨਿਗਮ ਦੇ ਮੇਅਰ ਅਨੂਪ ਗੁਪਤਾ ਨੇ ਇਲੈਕਟ੍ਰਿਕ ਪਾਲਿਸੀ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਸਲਾਹਕਾਰ ਨੂੰ ਦੱਸਿਆ ਕਿ ਦੂਜੇ ਰਾਜਾਂ ਤੋਂ ਰੋਜ਼ਾਨਾ 5,00,000 ਵਾਹਨ ਆ ਰਹੇ ਹਨ। ਉਹ ਵਾਹਨ ਪੈਟਰੋਲ ਅਤੇ ਡੀਜ਼ਲ ‘ਤੇ ਚੱਲਣ ਵਾਲੇ ਹਨ। ਅਜਿਹੇ ਵਾਹਨਾਂ ‘ਤੇ ਪਾਬੰਦੀ ਲਗਾਉਣ ਲਈ ਕੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਫਸਰਾਂ ਕੋਲ ਕੋਈ ਜਵਾਬ ਨਹੀਂ ਸੀ। ਇਸ ਦੇ ਚੱਲਦਿਆਂ ਉਨ੍ਹਾਂ ਨੇ ਇਸ ਸਾਲ 25 ਫੀਸਦੀ ਤੱਕ ਢਿੱਲ ਦੇਣ ਦਾ ਫੈਸਲਾ ਕੀਤਾ ਹੈ।