ਬਰੈਂਪਟਨ: ਕੈਨੇਡਾ ਦੇ ਸੂਬੇ ਬਰੈਂਪਟਨ ਦੀ ਇੱਕ ਪਾਰਕ ‘ਚ ਬੀਤੇ ਦਿਨੀਂ ਪੰਜਾਬਣ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰਤ ਦੀ ਪਛਾਣ ਲੁਧਿਆਣਾ ਦੀ ਵਾਸੀ 43 ਸਾਲਾ ਦਵਿੰਦਰ ਕੌਰ ਵਜੋਂ ਹੋਈ ਹੈ ਤੇ ਇਸ ਮਾਮਲੇ ‘ਚ ਪੁਲਿਸ ਨੇ ਦਵਿੰਦਰ ਦੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ, ਜਿਸ ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਗਏ।
ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਬਿਊਰੋ ਨੇ ਮ੍ਰਿਤਕ ਅਤੇ ਸ਼ੱਕੀ ਕਾਤਲ ਦੀ ਪਛਾਣ ਜਨਤਕ ਕੀਤੀ। ਪੀਲ ਪੁਲਿਸ ਨੇ ਦੱਸਿਆ ਕਿ ਬੀਤੇ ਦਿਨੀਂ 19 ਮਈ ਨੂੰ ਸ਼ਾਮ ਲਗਭਗ 6 ਵਜੇ ਉਹਨਾਂ ਨੂੰ ਬਰੈਂਪਟਨ ‘ਚ ਚੈਰੀਟਰੀ ਡਰਾਈਵ ਅਤੇ ਸਪੇਰੋ ਕੋਰਟ ਦੇ ਨੇੜ੍ਹੇ ਸਥਿਤ ਸਪੈਰੋ ਪਾਰਕ ਵਿਖੇ ਛੁਰੇਬਾਜ਼ੀ ਦੀ ਘਟਨਾ ਸਬੰਧੀ ਸੂਚਨਾ ਮਿਲੀ ਸੀ। ਜਦੋਂ ਟੀਮ ਮੌਕੇ ‘ਤੇ ਪੁੱਜੀ ਤਾਂ ਉੱਥੇ ਦਵਿੰਦਰ ਕੌਰ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ। ਬਰੈਂਪਟਨ ਫਾਇਰ ਐਂਡ ਪੀਲ ਪੈਰਾਮੈਡੀਕਸ ਦੀ ਟੀਮ ਵੀ ਉੱਥੇ ਪਹੁੰਚ ਗਈ। ਦਵਿੰਦਰ ਨੂੰ ਬਚਾਉਣ ਦਾ ਕਾਫ਼ੀ ਯਤਨ ਕੀਤਾ ਗਿਆ, ਪਰ ਜ਼ਖਮਾਂ ਦੀ ਤਾਬ ਨਾਂ ਝੱਲਦੀ ਹੋਈ ਮੌਕੇ`ਤੇ ਹੀ ਦਮ ਤੋੜ ਗਈ।
ਮੌਕਾ-ਏ-ਵਾਰਦਾਤ ਤੋਂ ਕੁਝ ਦੂਰੀ `ਤੇ ਹੀ ਮੌਜੂਦ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਛਾਣ ਬਰੈਂਪਟਨ ਦੇ ਹੀ ਵਾਸੀ 44 ਸਾਲਾ ਨਵ ਨਿਸ਼ਾਨ ਸਿੰਘ ਵਜੋਂ ਹੋਈ, ਜੋ ਕਿ ਦਵਿੰਦਰ ਕੌਰ ਦਾ ਪਤੀ ਹੈ। ਪੁਲਿਸ ਨੇ ਨਿਸ਼ਾਨ ਸਿੰਘ ਵਿਰੁੱਧ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕਰਦਿਆਂ ਉਸ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਚ ਪੇਸ਼ ਕਰ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਵਿੰਦਰ ਕੌਰ ਅਤੇ ਨਵ ਨਿਸ਼ਾਨ ਸਿੰਘ ਪਿਛਲੇ ਤਿੰਨ ਮਹੀਨੇ ਤੋਂ ਵੱਖ ਰਹਿ ਰਹੇ ਸੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਿਸ਼ਾਨ ਸਿੰਘ ਦਵਿੰਦਰ ਨੂੰ ਜਾਨੋ ਮਾਰਨ ਦੀਆਂ ਧਮਕੀ ਦਿੰਦਾ ਸੀ। ਇਸ ਤੋਂ ਇਲਾਵਾ ਉਹ ਭਾਰਤ ਵਿੱਚ ਉਸ ਦੀ ਜਾਇਦਾਦ ਵਿੱਚੋਂ ਵੀ ਹਿੱਸੇ ਦੀ ਗੱਲ ਕਰਦਾ ਸੀ। 25 ਸਾਲ ਪਹਿਲਾਂ ਵਿਆਹੇ ਇਸ ਜੋੜੇ ਦੇ 4 ਬੱਚੇ ਹਨ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੀਤੇ ਦਿਨੀਂ ਦਵਿੰਦਰ ਨੂੰ ਉਸ ਦੇ ਪਤੀ ਨੇ ਮੁਆਫ਼ੀ ਮੰਗਣ ਲਈ ਬੁਲਾਇਆ ਸੀ, ਪਰ ਜਿਵੇਂ ਉਹ ਬਰੈਂਪਟਨ ਦੇ ਪਾਰਕ ‘ਚ ਉਸ ਨੂੰ ਮਿਲਣ ਪੁੱਜੀ ਤਾਂ ਉਹ ਉਸ ਨੂੰ ਏਕਾਂਤ ਥਾਂ ‘ਤੇ ਲਿਜਾਇਆ ਗਿਆ, ਜਿੱਥੇ ਉਸ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਫਿਲਹਾਲ ਪੁਲਿਸ ਵੱਲੋਂ ਇਸ ਕੇਸ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਮੌਕੇ ਦੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਜਿਸ ਕਿਸੇ ਕੋਲ ਇਸ ਵਾਰਦਾਤ ਦੀ ਕੋਈ ਵੀ ਵੀਡੀਓ ਫੁਟੇਜ ਜਾਂ ਕੋਈ ਡੈਸ਼ਕੈਮ ਫੁਟੇਜ ਹੈ ਤਾਂ ਉਹ ਹੋਮੀਸਾਈਡ ਇਨਵੈਸਟੀਗੇਟਰਸ ਨਾਲ 905-453-2121 ‘ਤੇ ਸੰਪਰਕ ਕਰਸਕਦਾ ਹੈ। ਇਸ ਤੋਂ ਇਲਾਵਾ ਗੁਪਤ ਢੰਗ ਨਾਲ ਸੂਚਨਾ ਦੇਣ ਲਈ ਪੀਲ ਕਰਾਈਮ ਸਟੌਪਰਸ ਨਾਲ 1-800- 222 ਟਿਪਸ 8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।