ਨਿਊਜ਼ ਡੈਸਕ: ਬ੍ਰਿਟੇਨ ‘ਚ ਪਹਿਲੀ ਵਾਰ ਪ੍ਰਯੋਗ ਦੇ ਹਿੱਸੇ ਵਜੋਂ ਵਰਤੀ ਗਈ ਡੀਐਨਏ ਤਕਨੀਕ ਦੀ ਵਰਤੋਂ ਕਰਕੇ ਬੱਚੇ ਦਾ ਜਨਮ ਹੋਇਆ ਹੈ। ਇਸ ਬੱਚੇ ਲਈ ਤਿੰਨ ਲੋਕਾਂ ਦੇ ਡੀਐਨਏ ਦੀ ਵਰਤੋਂ ਕੀਤੀ ਗਈ ਸੀ। ਬ੍ਰਿਟੇਨ ਵਿੱਚ ਪਹਿਲੀ ਵਾਰ ਤਿੰਨ ਲੋਕਾਂ ਦੇ ਡੀਐਨਏ ਨੂੰ ਮਿਲਾ ਕੇ ਬੱਚਾ ਪੈਦਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਤਕਨੀਕ ਦੀ ਵਰਤੋਂ ਬੱਚਿਆਂ ਨੂੰ ਜੈਨੇਟਿਕ ਬਿਮਾਰੀਆਂ ਤੋਂ ਬਚਾਉਣ ਲਈ ਕੀਤੀ ਜਾਂਦੀ ਸੀ। ਬ੍ਰਿਟੇਨ ਦੀ ‘ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬ੍ਰਾਇਓਲੋਜੀ ਅਥਾਰਟੀ’ ਨੇ ਬੁੱਧਵਾਰ ਨੂੰ ਇਨ੍ਹਾਂ ਬੱਚਿਆਂ ਦੇ ਜਨਮ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹੁਣ ਤੱਕ ਅਜਿਹੇ ਪੰਜ ਤੋਂ ਘੱਟ ਬੱਚੇ ਪੈਦਾ ਹੋਏ ਹਨ।
2015 ਵਿੱਚ, ਯੂਕੇ ਨੇ ਇਸ ਤਕਨੀਕ ਨੂੰ ਕਾਨੂੰਨੀ ਰੂਪ ਦਿੱਤਾ ਤਾਂ ਜੋ ਮਾਈਟੋਕੌਂਡਰੀਅਲ ਨਾਲ ਜੂਝ ਰਹੀਆਂ ਔਰਤਾਂ ਆਪਣੇ ਬੱਚਿਆਂ ਤੱਕ ਬਿਮਾਰੀ ਨੂੰ ਜਾਣ ਤੋਂ ਰੋਕ ਸਕਣ। ਅਮਰੀਕਾ ਵਿੱਚ ਪਹਿਲੀ ਵਾਰ 2016 ਵਿੱਚ ਇਸ ਤਕਨੀਕ ਨਾਲ ਬੱਚੇ ਦਾ ਜਨਮ ਹੋਇਆ ਸੀ।
ਤਕਨੀਕ ਕਿਵੇਂ ਕਰਦੀ ਹੈ ਕੰਮ?
ਜੈਨੇਟਿਕ ਬਿਮਾਰੀਆਂ ਦੁਰਲੱਭ ਹੁੰਦੀਆਂ ਹਨ ਅਤੇ ਮਾਪਿਆਂ ਤੋਂ ਬੱਚਿਆਂ ਤੱਕ ਪਹੁੰਚ ਸਕਦੀਆਂ ਹਨ। ਇਨ੍ਹਾਂ ਬਿਮਾਰੀਆਂ ਵਿੱਚ ਸਰੀਰਕ ਅਤੇ ਮਾਨਸਿਕ ਅਯੋਗਤਾ ਪੈਦਾ ਹੋ ਸਕਦੀ ਹੈ। ਯੂਕੇ ਵਿੱਚ 200 ਵਿੱਚੋਂ ਘੱਟੋ-ਘੱਟ ਇੱਕ ਬੱਚਾ ਮਾਈਟੋਕੌਂਡਰੀਅਲ ਡਿਸਆਰਡਰ ਨਾਲ ਪੈਦਾ ਹੁੰਦਾ ਹੈ। ਅਧਿਕਾਰੀਆਂ ਮੁਤਾਬਕ ਹੁਣ ਤੱਕ 32 ਮਰੀਜ਼ ਨਵਾਂ ਇਲਾਜ ਕਰਵਾ ਚੁੱਕੇ ਹਨ। ਇਸ ਤਕਨੀਕ ਵਿੱਚ, ਗੈਰ-ਸਿਹਤਮੰਦ ਮਾਈਟੋਕੌਂਡਰੀਆ ਵਾਲੀ ਔਰਤ ਦੇ ਅੰਡੇ ਤੋਂ ਜੈਨੇਟਿਕ ਸਮੱਗਰੀ ਨੂੰ ਲਿਆ ਜਾਂਦਾ ਹੈ ਅਤੇ ਇੱਕ ਸਿਹਤਮੰਦ ਔਰਤ ਦੇ ਅੰਡੇ ਵਿੱਚ ਮਿਲਾਇਆ ਜਾਂਦਾ ਹੈ। ਪਰ ਉਸਦਾ ਬਾਕੀ ਡੀਐਨਏ ਕੱਢ ਦਿੱਤਾ ਜਾਂਦਾ ਹੈ।
ਇਸ ਤੋਂ ਬਾਅਦ ਅੰਡੇ ਨੂੰ ਫਿਰ ਤੋਂ ਮਾਂ ਦੇ ਗਰਭ ਵਿੱਚ ਰੱਖਿਆ ਜਾਂਦਾ ਹੈ। ਇਸ ਤਕਨੀਕ ਨਾਲ ਪੈਦਾ ਹੋਏ ਬੱਚੇ ਵਿੱਚ ਅੰਡੇ ਦਾਨ ਕਰਨ ਵਾਲੀ ਔਰਤ ਦੀ ਜੈਨੇਟਿਕ ਸਮੱਗਰੀ ਦਾ ਇੱਕ ਫੀਸਦੀ ਤੋਂ ਵੀ ਘੱਟ ਹਿੱਸਾ ਹੁੰਦਾ ਹੈ।
ਤਕਨੀਕ ਦੀ ਆਲੋਚਨਾ
ਬਹੁਤ ਸਾਰੇ ਮਾਹਰ ਇਹਨਾਂ ਤਕਨੀਕਾਂ ਦੀ ਆਲੋਚਨਾ ਕਰਦੇ ਹਨ। ਉਹ ਦਲੀਲ ਦਿੰਦੇ ਹਨ ਕਿ ਬੱਚਿਆਂ ਵਿੱਚ ਜੈਨੇਟਿਕ ਬਿਮਾਰੀਆਂ ਨੂੰ ਰੋਕਣ ਲਈ ਹੋਰ ਤਰੀਕੇ ਵੀ ਉਪਲਬਧ ਹਨ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਤਕਨੀਕ ਡਿਜ਼ਾਈਨਰ ਬੱਚਿਆਂ ਦੇ ਜਨਮ ਦਾ ਰਾਹ ਵੀ ਖੋਲ੍ਹ ਸਕਦੀ ਹੈ। ਡਿਜ਼ਾਈਨਰ ਬੇਬੀ ਟੈਕਨਾਲੋਜੀ ਲੰਬੇ ਸਮੇਂ ਤੋਂ ਵਿਵਾਦਾਂ ‘ਚ ਹੈ, ਜਿਸ ਦੇ ਜ਼ਰੀਏ ਮਾਤਾ-ਪਿਤਾ ਤੋਂ ਜ਼ਿਆਦਾ ਖੂਬਸੂਰਤ, ਮਜ਼ਬੂਤ ਅਤੇ ਲੰਬੇ ਬੱਚੇ ਪੈਦਾ ਕਰਨ ਦੀ ਗੱਲ ਕਹੀ ਗਈ ਹੈ।