ਇਜ਼ਰਾਈਲ ਦੀ ਫੌਜ ਨੇ ਵਿਨਾਸ਼ਕਾਰੀ ਭੂਚਾਲ ਤੋਂ ਪ੍ਰਭਾਵਿਤ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਸ਼ਨੀਵਾਰ ਰਾਤ ਨੂੰ ਹਵਾਈ ਹਮਲਾ ਕਰ ਦਿੱਤਾ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ‘ਚ ਨਾਗਰਿਕਾਂ ਸਮੇਤ ਘੱਟੋ-ਘੱਟ 15 ਲੋਕ ਮਾਰੇ ਗਏ। ਦੱਸਿਆ ਗਿਆ ਕਿ ਹਵਾਈ ਹਮਲੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ।
ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ SANA ਮੁਤਾਬਕ ਦਮਿਸ਼ਕ ‘ਚ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 12:30 ਵਜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਹਮਲੇ ਵਿੱਚ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ। ਮਰਨ ਵਾਲਿਆਂ ‘ਚ ਫੌਜੀ ਵੀ ਸ਼ਾਮਲ ਹਨ, ਜਦਕਿ 15 ਨਾਗਰਿਕ ਜ਼ਖਮੀ ਹੋਏ ਹਨ। ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਦਮਿਸ਼ਕ ਦੇ ਇਲਾਕੇ ‘ਚ ਈਰਾਨੀ ਮਿਲੀਸ਼ੀਆ ਅਤੇ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨਾਲ ਜੁੜੇ ਇਕ ਈਰਾਨੀ ਸਕੂਲ ਅਤੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ‘ਚ ਇਕ ਔਰਤ ਸਮੇਤ 15 ਲੋਕ ਮਾਰੇ ਗਏ।
ਹਾਲਾਂਕਿ ਹਵਾਈ ਹਮਲੇ ਨੂੰ ਲੈ ਕੇ ਅਜੇ ਤੱਕ ਇਜ਼ਰਾਈਲ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਜ਼ਰਾਈਲ ਅਕਸਰ ਹਵਾਈ ਹਮਲਿਆਂ ਰਾਹੀਂ ਦਮਿਸ਼ਕ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਇਹ ਪਹਿਲਾ ਹਮਲਾ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੀਰੀਆ ‘ਚ ਭੂਚਾਲ ਦੇ ਦੌਰਾਨ ਹੋਮਸ ‘ਚ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ 53 ਲੋਕਾਂ ਦੀ ਮੌਤ ਹੋ ਗਈ ਸੀ। ਸਰਕਾਰੀ ਮੀਡੀਆ ਨੇ ਹਮਲੇ ਲਈ ਆਈਐਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ।