ਨਵੀਂ ਦਿੱਲੀ: ਕਾਂਗਰਸ ਨੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਚਾਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਪਾਰਟੀ ਨੇ ਕੋਹਿਮਾ ਕਸਬੇ ਤੋਂ ਮੇਸ਼ੇਨਲੋ ਕਾਥ, ਮੋਕੋਕਚੁੰਗ ਕਸਬੇ ਤੋਂ ਅਲੇਮ ਜੋਂਗਸ਼ੀ, ਭੰਡਾਰੀ ਤੋਂ ਚੇਨੀਥੁੰਗ ਹੈਮਤਸੋ ਅਤੇ ਨੋਕਲਕ ਤੋਂ ਪੀ. ਮੁਲਾਂਗ ਨੂੰ ਉਮੀਦਵਾਰ ਬਣਾਇਆ ਹੈ। ਸਾਰੀਆਂ ਚਾਰ ਸੀਟਾਂ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। ਕਾਂਗਰਸ ਨੇ ਸ਼ਨੀਵਾਰ ਨੂੰ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਵਿਚ ਸੂਬਾ ਇਕਾਈ ਦੇ ਮੁਖੀ ਕੇ. ਥੇਰੀ ਨੂੰ ਦੀਮਾਪੁਰ-1 ਤੋਂ ਉਮੀਦਵਾਰ ਬਣਾਇਆ ਗਿਆ ਸੀ।
60 ਮੈਂਬਰੀ ਨਾਗਾਲੈਂਡ ਵਿਧਾਨ ਸਭਾ ਲਈ ਚੋਣਾਂ 27 ਫਰਵਰੀ ਨੂੰ ਹੋਣਗੀਆਂ ਅਤੇ ਨਤੀਜੇ 2 ਮਾਰਚ ਨੂੰ ਐਲਾਨੇ ਜਾਣਗੇ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 7 ਫਰਵਰੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਨੈਸ਼ਨਲਿਸਟ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਨਾਲ ਗਠਜੋੜ ਕਰਕੇ ਲੜਨ ਦਾ ਫੈਸਲਾ ਕੀਤਾ ਹੈ। ਚੋਣ ਗਠਜੋੜ ਮੁਤਾਬਕ ਭਾਜਪਾ 20 ਅਤੇ ਐਨਡੀਪੀਪੀ 40 ਸੀਟਾਂ ‘ਤੇ ਚੋਣ ਮੈਦਾਨ ‘ਚ ਉਤਰੇਗੀ। ਭਾਜਪਾ ਨੇ ਵੀ ਆਪਣੇ ਖਾਤੇ ਵਿੱਚ 20 ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਨਾਗਾਲੈਂਡ ਇਕਾਈ ਦੇ ਪ੍ਰਧਾਨ ਤੇਮਜੇਨ ਇਮਨਾ ਅਲੌਂਗ ਨੂੰ ਭਾਜਪਾ ਨੇ ਅਲੋਂਗਟਾਕੀ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਅਤੇ ਜੇਪੀ ਨੱਡਾ ਦੀ ਪ੍ਰਧਾਨਗੀ ਵਿੱਚ ਕੇਂਦਰੀ ਚੋਣ ਕਮੇਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ।