ਮਨੀਲਾ: ਫਿਲੀਪੀਨਜ਼ ਵਿੱਚ ਇਸ ਸਮੇਂ ਪਿਆਜ਼ ਦੀਆਂ ਕੀਮਤਾਂ ਸੋਨੇ-ਚਾਂਦੀ ਨਾਲੋਂ ਤੇਜ਼ੀ ਨਾਲ ਵੱਧ ਰਹੀਆਂ ਹਨ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਪਿਆਜ਼ ਦੀ ਤਸਕਰੀ ਹੋ ਰਹੀ ਹੈ। ਦੁਬਈ ਘੁੰਮਣ ਜਾਣ ਵਾਲੇ ਲੋਕ ਇਥੋਂ ਸ਼ਾਪਿੰਗ ਵਿੱਚ ਪਿਆਜ਼ ਖਰੀਦ ਰਹੇ ਹਨ। ਉੱਥੇ ਹੀ ਦੋ ਦਿਨ ਪਹਿਲਾਂ ਕਸਟਮ ਅਧਿਕਾਰੀਆਂ ਨੇ 3 ਕਰੋੜ ਰੁਪਏ ਦਾ ਪਿਆਜ਼ ਜ਼ਬਤ ਕੀਤਾ ਸੀ। ਪੇਸਟਰੀ ਬਾਕਸ ਦੇ ਪਿੱਛੇ ਚੀਨ ਤੋਂ ਇਸ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਦਸੰਬਰ ‘ਚ ਕਸਟਮ ਅਧਿਕਾਰੀਆਂ ਨੇ 2.5 ਕਰੋੜ ਰੁਪਏ ਦੇ ਪਿਆਜ਼ ਜ਼ਬਤ ਕੀਤੇ ਸਨ। ਜਿਸ ਨੂੰ ਕੱਪੜਿਆਂ ਦੀ ਖੇਪ ਵਿੱਚ ਛੁਪਾ ਕੇ ਲਿਆਂਦਾ ਜਾ ਰਿਹਾ ਸੀ। ਰਿਪੋਰਟ ਮੁਤਾਬਕ 9 ਜਨਵਰੀ ਨੂੰ ਫਿਲੀਪੀਨਜ਼ ‘ਚ ਲਾਲ ਅਤੇ ਚਿੱਟੇ ਪਿਆਜ਼ ਦੀ ਕੀਮਤ 600 ਪੇਸੋ (ਲਗਭਗ 900 ਭਾਰਤੀ ਰੁਪਏ) ਪ੍ਰਤੀ ਕਿਲੋਗ੍ਰਾਮ ਸੀ।
ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਕਿਹਾ ਕਿ ਉਹ ਜ਼ਬਤ ਪਿਆਜ਼ ਵੇਚਣ ਦਾ ਤਰੀਕਾ ਲੱਭ ਰਹੇ ਹਨ। ਤਾਂ ਜੋ ਪਿਆਜ਼ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਰਾਸ਼ਟਰਪਤੀ ਮਾਰਕੋਸ ਨੇ ਇਸ ਹਫਤੇ 21 ਹਜ਼ਾਰ ਮੀਟ੍ਰਿਕ ਟਨ ਪਿਆਜ਼ ਦਰਾਮਦ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਹ ਪਿਆਜ਼ 27 ਜਨਵਰੀ ਤੱਕ ਫਿਲੀਪੀਨਜ਼ ਪਹੁੰਚ ਸਕੇਗਾ। ਫਰਵਰੀ ਵਿਚ ਫਿਲੀਪੀਨਜ਼ ‘ਚ ਖੇਤਾਂ ਵਿਚੋਂ ਪਿਆਜ਼ ਆਉਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ।
ਪਿਆਜ਼ ਫਿਲੀਪੀਨਜ਼ ਦੇ ਲੋਕਾਂ ਦੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇੱਥੇ ਹਰ ਮਹੀਨੇ 20,000 ਮੀਟ੍ਰਿਕ ਟਨ ਪਿਆਜ਼ ਦੀ ਖਪਤ ਹੁੰਦੀ ਹੈ। ਪਿਛਲੇ ਸਾਲ ਕਈ ਸੁਪਰ ਤੂਫਾਨਾਂ ਕਾਰਨ ਅਰਬਾਂ ਰੁਪਏ ਦੀ ਪਿਆਜ਼ ਦੀ ਫਸਲ ਤਬਾਹ ਹੋ ਗਈ ਸੀ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨਫਿਲੀਪੀਨਜ਼ ਚ ਮਹਿੰਗਾਈ 14 ਸਾਲ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ।