ਨਵੀਂ ਦਿੱਲੀ— ਆਮ ਲੋਕਾਂ ਦੀ ਮਦਦ ਲਈ ਪੁਲਸ ਵਾਲੇ ਕਈ ਵਾਰ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਦਿੱਲੀ ਪੁਲਿਸ ਦੇ ਏਐਸਆਈ ਸ਼ੰਭੂਦਿਆਲ ਨੇ ਅਜਿਹਾ ਹੀ ਕੀਤਾ। ਸ਼ੰਭੂਦਿਆਲ ਦੀ ਅੱਜ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਮੁਤਾਬਕ ਦਿੱਲੀ ਦੇ ਮਾਇਆਪੁਰੀ ਪੁਲਸ ਸਟੇਸ਼ਨ ‘ਚ ਤਾਇਨਾਤ ਸ਼ੰਭੂਦਿਆਲ ‘ਤੇ ਇਕ ਬਦਮਾਸ਼ ਨੇ 4 ਜਨਵਰੀ ਨੂੰ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ‘ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਬਾਅਦ ਵਿਚ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਹਾਲਾਂਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੁਲਿਸ ਨੇ ਦੱਸਿਆ ਕਿ ਏਐਸਆਈ ਸ਼ੰਭੂ ਦਿਆਲ (57) ਮੂਲ ਰੂਪ ਵਿੱਚ ਰਾਜਸਥਾਨ ਦੇ ਸੀਕਰ ਦੇ ਰਹਿਣ ਵਾਲੇ ਹਨ, ਦੇ ਪਰਿਵਾਰ ਵਿੱਚ ਪਤਨੀ, ਪੁੱਤਰ ਅਤੇ ਦੋ ਧੀਆਂ ਹਨ। ਪੁਲਸ ਨੇ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਮਾਇਆਪੁਰੀ ਫੇਜ਼-1 ਦੀ ਰਹਿਣ ਵਾਲੀ ਇਕ ਔਰਤ ਨੇ ਆਪਣੇ ਪਤੀ ਦਾ ਮੋਬਾਇਲ ਖੋਹਣ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਦਿੱਤੀ ਸੀ। ਏਐਸਆਈ ਦਿਆਲ ਮੌਕੇ ’ਤੇ ਪੁੱਜੇ ਜਿੱਥੇ ਸ਼ਿਕਾਇਤਕਰਤਾ ਨੇ ਮੁਲਜ਼ਮ ਦੀ ਪਛਾਣ ਕੀਤੀ ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਜਾਂਦੇ ਸਮੇਂ ਦੋਸ਼ੀ ਅਨੀਸ਼ ਨੇ ਆਪਣੀ ਕਮੀਜ਼ ‘ਚ ਛੁਪਿਆ ਚਾਕੂ ਕੱਢ ਲਿਆ ਅਤੇ ਦਿਆਲ ਦੀ ਗਰਦਨ, ਛਾਤੀ, ਪੇਟ ਅਤੇ ਪਿੱਠ ‘ਤੇ ਚਾਕੂ ਮਾਰ ਦਿੱਤਾ।
ਉਸ ਨੇ ਦੱਸਿਆ ਕਿ ਮਾਇਆਪੁਰੀ ਥਾਣੇ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਨੀਸ਼ ਨੂੰ ਕਾਬੂ ਕਰ ਲਿਆ, ਬਾਅਦ ‘ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਏਐੱਸਆਈ ਦਿਆਲ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।