ਨਿਊਜ਼ ਡੈਸਕ: ਅਮਰੀਕੀ ਸੰਸਦ ‘ਚ ਪਿਛਲੇ ਸਾਲ 6 ਜਨਵਰੀ ਨੂੰ ਹੋਈ ਘਟਨਾ ਨੂੰ ਲੈ ਕੇ ਬਣਾਏ ਗਏ ਜਾਂਚ ਪੈਨਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਨਵਾਂ ਅਪਰਾਧਿਕ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਿਹਾ ਹੈ। ਜਾਂਚ ਪੈਨਲ ਤਿੰਨਾਂ ਦੋਸ਼ਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਸਰਕਾਰੀ ਪੈਨਲ ਅਗਲੇ ਸੋਮਵਾਰ ਤੱਕ ਜਨਤਕ ਤੌਰ ‘ਤੇ ਅਜਿਹਾ ਕਰਨ ਦੀ ਸਿਫਾਰਸ਼ ਕਰ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਾਂਚ ਪੈਨਲ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਮਕਸਦ ਨਾਲ ਕੀਤੀ ਬਗਾਵਤ ਦੇ ਸਬੰਧ ਵਿਚ ਅਪਰਾਧਿਕ ਮਾਮਲੇ ਵਿਚ ਮੁਕੱਦਮਾ ਚਲਾਉਣ ਦੀ ਸਿਫ਼ਾਰਸ਼ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਮਾਮਲੇ ਨਾਲ ਜੁੜੇ ਇਕ ਅਧਿਕਾਰੀ ਮਤਾਬਿਕ ਕਮੇਟੀ ਕੁੱਲ ਤਿੰਨ ਨਵੇਂ ਦੋਸ਼ਾਂ ‘ਤੇ ਵਿਚਾਰ ਕਰ ਰਹੀ ਹੈ। ਸਰਕਾਰੀ ਜਾਂਚ ਕਮੇਟੀ ਦੀ ਵਿਚਾਰ ਚਰਚਾ ਦੇਰ ਰਾਤ ਤੱਕ ਜਾਰੀ ਰਹੀ। ਹਾਲਾਂਕਿ ਇਸ ਸਬੰਧ ‘ਚ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕਮੇਟੀ ਕਿਹੜੇ ਖਾਸ ਦੋਸ਼ਾਂ ਦੇ ਆਧਾਰ ‘ਤੇ ਨਿਆਂ ਵਿਭਾਗ ਨੂੰ ਭੇਜੇਗੀ। ਦੱਸ ਦੇਈਏ ਕਿ ਡੋਨਾਲਡ ਟਰੰਪ ਦੇ ਖਿਲਾਫ ਦੋਸ਼ਾਂ ਵਿੱਚ ਦੇਸ਼ਧ੍ਰੋਹ, ਅਧਿਕਾਰਤ ਕਾਰਵਾਈ ਵਿੱਚ ਰੁਕਾਵਟ ਅਤੇ ਸੰਘੀ ਸਰਕਾਰ ਨੂੰ ਧੋਖਾ ਦੇਣ ਦੀ ਸਾਜ਼ਿਸ਼ ਸ਼ਾਮਿਲ ਹੈ।