ਸਿਲੀਗੁੜੀ— ਆਧੁਨਿਕਤਾ ਦੇ ਇਸ ਜ਼ਮਾਨੇ ਦੇ ਵਿਚ ਰਿਸ਼ਤਿਆਂ ਦੀ ਤਾਰ ਕਿੰਨੀ ਪਤਲੀ ਹੁੰਦੀ ਜਾ ਰਹੀ ਹੈ ਇਹ ਅੱਜ ਜੱਗ ਜਾਹਰ ਹੋ ਚੁਕਿਆ ਹੈ। ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀ ਖਬਰ ਪੱਛਮੀ ਬੰਗਾਲ ਤੋਂ ਵੀ ਸਾਹਮਣੇ ਆਈ ਹੈ। ਜਿੱਥੇ ਸਿਰਫ 10 ਰੁਪਏ ਲਈ ਦੋਸਤ ਨੇ ਦੋਸਤ ਦਾ ਹੀ ਕਤਲ ਕਰ ਦਿੱਤਾ। ਦਰਅਸਲ ਪੱਛਮੀ ਬੰਗਾਲ ਦੇ ਸਿਲੀਗੁੜੀ ‘ਚ 10 ਰੁਪਏ ਨੂੰ ਲੈ ਕੇ ਹੋਏ ਝਗੜੇ ‘ਚ ਇਕ ਨੌਜਵਾਨ ਨੇ ਕਥਿਤ ਤੌਰ ‘ਤੇ ਆਪਣੇ ਦੋਸਤ ਦੀ ਪੱਥਰ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।ਅ
ਧਿਕਾਰੀਆਂ ਨੇ ਦੱਸਿਆ ਕਿ 20 ਸਾਲਾ ਰਾਮਪ੍ਰਸਾਦ ਸਾਹਾ ਦੀ ਲਾਸ਼ ਬੁੱਧਵਾਰ ਨੂੰ ਬੈਕੁੰਟਪੁਰ ਦੇ ਜੰਗਲਾਂ ‘ਚੋਂ ਮਿਲੀ। ਜਾਂਚ ਦੌਰਾਨ ਪਤਾ ਲੱਗਾ ਕਿ ਸਾਹਾ ਨਸ਼ੇ ਦੀ ਲਤ ਦਾ ਸ਼ਿਕਾਰ ਸੀ ਅਤੇ ਆਪਣੀ ਲਾਲਸਾ ਨੂੰ ਸ਼ਾਂਤ ਕਰਨ ਲਈ ਲਗਾਤਾਰ ਜੰਗਲਾਂ ‘ਚ ਜਾਂਦਾ ਸੀ। ਪੁਲਸ ਮੁਤਾਬਕ ਸੋਮਵਾਰ ਨੂੰ ਸਾਹਾ ਆਪਣੇ ਦੋ ਦੋਸਤਾਂ ਸੁਬਰਤ ਦਾਸ (22) ਅਤੇ ਅਜੇ ਰਾਏ (24) ਨਾਲ ਜੰਗਲ ‘ਚ ਗਿਆ ਸੀ, ਜੋ ਖੁਦ ਨਸ਼ੇ ਦੇ ਆਦੀ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬੀ ਸਾਹਾ ਨੇ ਦੇਖਿਆ ਕਿ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਸੁਬਰਤ ਨੂੰ ਹੋਰ ਨਸ਼ੇ ਖਰੀਦਣ ਲਈ ਦਸ ਰੁਪਏ ਮੰਗੇ। ਪੁਲਿਸ ਮੁਤਾਬਕ ਸਾਹਾ ਅਤੇ ਸੁਬਰਤ ਵਿਚਕਾਰ ਪੈਸਿਆਂ ਦੀ ਮੰਗ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਸੁਬਰਤ ਨੇ ਕਥਿਤ ਤੌਰ ‘ਤੇ ਸਾਹਾ ਦੀ ਪੱਥਰ ਨਾਲ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਸੁਬਰਤ ਅਤੇ ਅਜੈ ਨੂੰ ਬੁੱਧਵਾਰ ਰਾਤ ਨੂੰ ਸਿਲੀਗੁੜੀ ਮੈਟਰੋ ਪੁਲਸ ਦੀ ਅਸ਼ੀਘਰ ਚੌਕੀ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਕਿਹਾ ਕਿ ਉਹ ਮਾਮਲੇ ‘ਚ ਅਜੇ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।