ਅਮਰੀਕਾ ਅਤੇ ਰੂਸ ਦੇ ਰਿਸ਼ਤਿਆਂ ਦੇ ਕੀ ਹਾਲਾਤ ਹਨ ਇਹ ਜੱਗ ਜਾਹਰ ਹੈ। ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ। ਹਾਲਾਂਕਿ ਹੁਣ ਇਨ੍ਹਾਂ ਦੋਵਾਂ ਮਹਾਸ਼ਕਤੀਆਂ ਵਿਚਾਲੇ ਰਾਹਤ ਦੀ ਖਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਪਰਦੇ ਦੇ ਪਿੱਛੇ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਦਰਅਸਲ ਦੋਵਾਂ ਦੇਸ਼ਾਂ ਨੇ ਹਾਲ ਹੀ ਵਿਚ ਕੈਦੀਆਂ ਦੀ ਅਦਲਾ-ਬਦਲੀ ਕੀਤੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੀ ਬਾਸਕਟਬਾਲ ਸਟਾਰ ਬ੍ਰਿਟਨੀ ਗ੍ਰੀਨਰ ਨੂੰ ਰੂਸ ਨੇ ਰਿਹਾਅ ਕਰ ਦਿੱਤਾ ਹੈ ਅਤੇ ਇਸ ਦੇ ਬਦਲੇ ਰੂਸ ਦੇ ਹਥਿਆਰਾਂ ਦੇ ਡੀਲਰ ਵਿਕਟਰ ਬਾਊਟ ਨੂੰ ਵੀ ਅਮਰੀਕਾ ਨੇ ਰਿਹਾਅ ਕਰ ਦਿੱਤਾ ਹੈ।
ਜ਼ਿਕਰ ਏ ਖਾਸ ਹੈ ਕਿ ਅਮਰੀਕੀ ਸਟਾਰ ਅਥਲੀਟ ਅਤੇ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਬ੍ਰਿਟਨੀ ਗ੍ਰੀਨਰ ਅੱਠ ਮਹੀਨਿਆਂ ਤੋਂ ਰੂਸ ਦੀ ਜੇਲ੍ਹ ਵਿੱਚ ਹੈ। ਉਸ ਨੂੰ ਨਸ਼ੀਲੇ ਪਦਾਰਥ ਰੂਸ ਲਿਜਾਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਜਿਸ ਚੀਜ਼ ਨੂੰ ਰੂਸ ‘ਚ ਨਸ਼ੀਲੇ ਪਦਾਰਥ ਮੰਨਿਆ ਜਾਂਦਾ ਹੈ, ਉਸ ‘ਤੇ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਪਾਬੰਦੀ ਨਹੀਂ ਹੈ। ਦੂਜੇ ਪਾਸੇ ਬ੍ਰਿਟਨੀ ਦੇ ਬਦਲੇ ਅਮਰੀਕਾ ਨੇ ਰੂਸ ਦੇ ਹਥਿਆਰ ਡੀਲਰ ਬਾਊਟ ਨੂੰ ਰਿਹਾਅ ਕਰ ਦਿੱਤਾ ਹੈ। ਉਹ ਕਿਸੇ ਸਮੇਂ ਦੁਨੀਆ ਦੇ ਕਈ ਅਸ਼ਾਂਤ ਖੇਤਰਾਂ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਲਈ ਮੌਤ ਦੇ ਵਪਾਰੀ ਵਜੋਂ ਜਾਣਿਆ ਜਾਂਦਾ ਸੀ। ਇਸ ਸਵੈਪ ਦੀ ਪੁਸ਼ਟੀ ਰੂਸੀ ਵਿਦੇਸ਼ ਮੰਤਰਾਲੇ ਨੇ ਵੀ ਕੀਤੀ ਹੈ।
ਰੂਸ ਅਤੇ ਅਮਰੀਕਾ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਅਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਯਤਨਾਂ ਰਾਹੀਂ ਕੀਤੀ ਗਈ ਸੀ। ਦੋਵਾਂ ਦੇ ਰੂਸ ਅਤੇ ਅਮਰੀਕਾ ਨਾਲ ਚੰਗੇ ਸਬੰਧ ਹਨ। ਦੱਸ ਦਈਏ ਕਿ ਦੋਵਾਂ ਕੈਦੀਆਂ ਨੂੰ ਪਹਿਲਾਂ ਆਬੂ ਧਾਬੀ ਲਿਆਂਦਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਗਿਆ।