ਮਾਨਸਾ : ਮਹਿਰੂਮ ਪ੍ਰਸਿੱਧ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲਾ ਜਿਨ੍ਹਾਂ ਦਾ ਪਿਛਲੇ ਦਿਨੀਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਾਲ ਹੀ ਉਨ੍ਹਾਂ ਦਾ ਗੀਤ ਵਾਰ ਰਿਲੀਜ਼ ਹੋਇਆ ਸੀ। ਜਿਸ ਤੋਂ ਬਾਅਦ ਲਗਾਤਾਰ ਉਸ ਗੀਤ ਦਾ ਵਿਰੋਧ ਹੋ ਰਿਹਾ ਸੀ। ਦਰਅਸਲ ਮਸਲਾ ਸੀ ਕਿ ਸਿੱਧੂ ਵੱਲੋਂ ਮੁਹੰਮਦ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਕਾਰਨ ਗੀਤ ਨੂੰ ਲੈ ਕੇ ਵਿਵਾਦ ਉੱਠਿਆ ਸੀ। ਪਰ ਹੁਣ ਉਹ ਸ਼ਬਦ ਹਟਾ ਦਿੱਤਾ ਗਿਆ ਹੈ। ਜਿਸ ਬਾਬਤ ਖੁਦ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਬਲਕੌਰ ਸਿੰਘ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਵਿਵਾਦ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਮੁਹੰਮਦ ਸ਼ਬਦ ਗੀਤ ਵਿੱਚੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਕਸਦ ਉਨ੍ਹਾਂ ਦਾ ਬਿਲਕੁਲ ਨਹੀਂ ਸੀ। ਬਲਕੌਰ ਸਿੰਘ ਵੱਲੋਂ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਅਪੀਲ ਕੀਤੀ ਗਈ ਹੈ।
ਦੱਸ ਦੇਈਏ ਕਿ ਸਿੱਧੂ ਵੱਲੋਂ ਇਹ ਗੀਤ ਜਮਰੌਦ ਦੇ ਸ਼ੇਰ, ਮਹਾਨ ਸੂਰਬੀਰ ਯੋਧੇ ਖਾਲਸਾ ਰਾਜ ਦੇ ਥੰਮ੍ਹ ਹਰੀ ਸਿੰਘ ਨਲੂਆ ਨੂੰ ਸਮਰਪਿਤ ਕੀਤਾ ਗਿਆ ਸੀ। ਜਿਸ ਵਿੱਚ ਗਾਇਕ ਨੇ ਨਲੂਆ ਦੀ ਬਹਾਦਰੀ ਦੇ ਕਿੱਸੇ ਬਿਆਨ ਕੀਤੇ ਹਨ। ਅਫਗਾਨਾਂ ਨਾਲ ਹੋਈ ਜੰਗ ਦਾ ਜਿਕਰ ਕਰਦਿਆਂ ਸਿੱਧੂ ਨੇ ਮੁਹੰਮਦ ਸ਼ਬਦ ਵਰਤਿਆ ਸੀ । ਜਿਸ ਨੂੰ ਲੈ ਕੇ ਮੁਸਲਮਾਨ ਭਾਈਚਾਰਾ ਇਸ ਦਾ ਵਿਰੋਧ ਕਰ ਰਿਹਾ ਸੀ।