ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਦੀ ਚੋਣ ਕੱਲ੍ਹ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿਆਸੀ ਵਾਰ ਪਲਟਵਾਰ ਲਗਾਤਾਰ ਤੇਜ਼ ਹੁੰਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ “ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਪ੍ਰਧਾਨਗੀ ਦੀ ਚੋਣ ਵਿਚ ਸਮੂਲੀਅਤ ਕਰ ਰਹੇ ਦੋਵੇ ਧੜਿਆ ਦੇ ਉਮੀਦਵਾਰ ਪੁਰਾਤਨ ਦੋਸ਼ਪੂਰਨ ਮਹੰਤ ਅਤੇ ਮਸੰਦ ਦੀ ਰਵਾਇਤ ਨੂੰ ਹੀ ਮਜਬੂਤ ਕਰ ਰਹੇ ਹਨ, ਨਾ ਕਿ ਜਮਹੂਰੀਅਤ ਕਦਰਾਂ-ਕੀਮਤਾਂ ਨੂੰ । ਇਸ ਲਈ ਭਾਵੇ ਪ੍ਰਧਾਨਗੀ ਦੀ ਉਮੀਦਵਾਰ ਵਾਲੇ ਮੈਬਰ ਹੋਣ ਭਾਵੇ ਦੂਸਰੇ ਸਮੁੱਚੇ ਐਸ.ਜੀ.ਪੀ.ਸੀ. ਮੈਬਰ, ਉਨ੍ਹਾਂ ਨੂੰ ਇਸ ਦੋਸ਼ਪੂਰਨ ਰਵਾਇਤ ਨੂੰ ਮਜਬੂਤ ਕਰਨ ਦੀ ਬਜਾਇ ਮਹੰਤਾਂ ਤੇ ਮਸੰਦਾਂ ਜਿਨ੍ਹਾਂ ਨੂੰ ਸਿੱਖ ਕੌਮ ਨੇ ਗੁਰਦੁਆਰਾ ਸੁਧਾਰ ਲਹਿਰ ਰਾਹੀ ਗੁਰਦੁਆਰਾ ਪ੍ਰਬੰਧ ਵਿਚੋ ਬਾਹਰ ਕੱਢਿਆ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਮਸੰਦਾਂ ਨੂੰ ਕੜਾਹਿਆ ਵਿਚ ਪਾ ਕੇ ਫੂਕਿਆ ਸੀ, ਉਸ ਰਵਾਇਤ ਨੂੰ ਪ੍ਰਫੁੱਲਿਤ ਕਰਨ ਲਈ ਯੋਗਦਾਨ ਪਾਉਣ ਤਦ ਹੀ ਖ਼ਾਲਸਾ ਪੰਥ ਦੀ ਨਿਰਾਲੀ, ਨਿਵੇਕਲੀ ਪਹਿਚਾਣ ਸਮੁੱਚੇ ਸੰਸਾਰ ਵਿਚ ਫਿਰ ਕਾਇਮ ਹੋ ਸਕੇਗੀ ।”
ਇਸ ਮੌਕੇ ਉਨ੍ਹਾਂ ਚੋਣ ਨੂੰ ਮੁੱਢੋ ਰੱਦ ਕਰਦੇ ਹੋਏ ਇਸ ਦੋਸ਼ਪੂਰਨ ਪ੍ਰਣਾਲੀ ਵਿਚ ਸਾਮਿਲ ਹੋਣ ਵਾਲੇ ਪ੍ਰਧਾਨਗੀ ਦੀ ਚੋਣ ਲੜਨ ਵਾਲੇ ਦੋਵੇ ਉਮੀਦਵਾਰਾਂ ਅਤੇ ਐਸ.ਜੀ.ਪੀ.ਸੀ. ਦੇ ਸਮੁੱਚੇ ਮੈਬਰਾਂ ਨੂੰ ਇਸ ਪ੍ਰਣਾਲੀ ਨੂੰ ਖਤਮ ਕਰਕੇ ਐਸ.ਜੀ.ਪੀ.ਸੀ. ਦੀਆਂ ਕਾਨੂੰਨ ਅਨੁਸਾਰ ਜੋ 11 ਸਾਲਾਂ ਤੋ ਜਰਨਲ ਚੋਣਾਂ ਨਹੀ ਹੋਈਆ, ਉਸ ਸੰਜੀਦਾ ਮੁੱਦੇ ਉਤੇ ਅਮਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਮੁੱਚੇ ਐਸ.ਜੀ.ਪੀ.ਸੀ ਮੈਬਰਾਂ ਜੋ ਕੱਲ੍ਹ ਸ੍ਰੀ ਦਰਬਾਰ ਸਾਹਿਬ ਵਿਖੇ ਇਕੱਤਰ ਹੋ ਰਹੇ ਹਨ ਉਨ੍ਹਾਂ ਨੂੰ ਇਖਲਾਕੀ ਅਤੇ ਕੌਮੀ ਤੌਰ ਤੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਧਿਰ ਦੇ ਪੱਖ ਵਿਚ ਨਾ ਜਾ ਕੇ ਅਜਿਹਾ ਮਾਹੌਲ ਤਿਆਰ ਕਰਨ ਜਿਸ ਨਾਲ ਮੌਜੂਦਾ ਕਾਬਜ ਸੈਟਰ ਦੇ ਹੁਕਮਰਾਨਾਂ ਦੇ ਭਾਈਵਾਲ ਅਤੇ ਵਿਰੋਧੀ ਗਰੁੱਪ ਇਸ ਚੋਣ ਪ੍ਰਣਾਲੀ ਨੂੰ ਖਤਮ ਕਰਨ ਵਿਚ ਭੂਮਿਕਾ ਨਿਭਾਅ ਸਕੇ ਅਤੇ ਸਹੀ ਢੰਗ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਅਨੁਸਾਰ ਜਰਨਲ ਚੋਣਾਂ ਕਰਵਾਉਣ ਦਾ ਜਲਦੀ ਐਲਾਨ ਹੋ ਸਕੇ । ਇਸ ਲਈ ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਮੈਬਰਾਨ ਸਾਡੇ ਵੱਲੋ ਕੀਤੀ ਅਪੀਲ ਨੂੰ ਪ੍ਰਵਾਨ ਕਰਦੇ ਹੋਏ 9 ਨਵੰਬਰ ਦੇ ਪ੍ਰਧਾਨਗੀ ਦੀ ਚੋਣ ਦੀ ਦੋਸ਼ਪੂਰਨ ਪ੍ਰਣਾਲੀ ਤੋ ਦੂਰ ਰਹਿਕੇ ਕੌਮੀ ਭਾਵਨਾਵਾ ਅਨੁਸਾਰ ਉਦਮ ਕਰਕੇ ਇਨ੍ਹਾਂ ਸਭਨਾਂ ਨੂੰ ਅਤੇ ਸਰਕਾਰ ਨੂੰ ਜਰਨਲ ਚੋਣਾਂ ਕਰਵਾਉਣ ਲਈ ਮਜਬੂਤ ਕਰਨ ਦੀ ਜਿ਼ੰਮੇਵਾਰੀ ਨਿਭਾਉਣਗੇ।