ਅੰਮ੍ਰਿਤਪਾਲ ਸਿੰਘ ਦੇ ਮਸਲੇ ‘ਤੇ ਭੜਕੇ ਰਵਨੀਤ ਬਿੱਟੂ, ਲਾਏ ਗੰਭੀਰ ਦੋਸ਼

Global Team
2 Min Read

ਲੁਧਿਆਣਾ : ਪੰਜਾਬ ਅੰਦਰ ਅਮਨ ਕਨੂੰਨ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਲਗਾਤਾਰ ਘੇਰ ਰਹੀਆਂ ਹਨ। ਜਿਸ ਦੇ ਚਲਦਿਆਂ ਹੁਣ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਭਗਵੰਤ ਮਾਨ ਹੁਰਾਂ ਦੀ ਅਗਵਾਈ ਵਾਲੀ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ। ਬਿੱਟੂ ਦਾ ਕਹਿਣਾ ਹੈ ਕਿ ਅੱਜ ਪੰਜਾਬ ਨੂੰ ਗੈਂਗਲੈਂਡ ਬਣਾ ਦਿੱਤਾ ਗਿਆ ਹੈ।

ਦਰਅਸਲ ਅੱਜ ਕਿਹਾ ਜਾ ਰਿਹਾ ਹੈ ਕਿ ਸ਼ਿਵ ਸੈਨਾ ਆਗੂਆਂ ਨੂੰ ਬੁਲਟਪ੍ਰੂਫ ਜੈਕਟਾਂ ਵੰਡੀਆਂ ਗਈਆਂ ਹਨ। ਜਿਸ ਨੂੰ ਲੈ ਕੇ ਬਿੱਟੂ ਨੇ ਸਰਕਾਰ ‘ਤੇ ਧਾਵਾ ਬੋਲਦਿਆਂ ਕਿਹਾ ਕਿ ਜਿਸ  ਪੰਜਾਬ ਦੀ ਧਰਤੀ ‘ਤੇ ਗੁਰੂ ਕੇ ਲੰਗਰ ਲਗਦੇ ਸੀ ਅੱਜ ਇਹ ਸਰਕਾਰ ਦੀ ਕਮਜ਼ੋਰੀ ਦਾ ਹੀ ਨਤੀਜਾ ਹੈ ਕਿ ਇਹ ਜੈਕਟਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਦੱਸਿਆ । ਬਿੱਟੂ ਦਾ ਕਹਿਣਾ ਹੈ ਕਿ ਮਾਨ ਸਰਕਾਰ ਨੂੰ ਪੰਜਾਬ ਬਾਰੇ ਕੁਝ ਵੀ ਸਮਝ ਨਹੀਂ ਹੈ ਅਤੇ ਅੱਜ ਪੈਦਾ ਹੋ ਰਹੇ ਹਾਲਾਤ ਇਸੇ ਦਾ ਹੀ ਨਤੀਜਾ ਹਨ।

ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਕੁਝ ਕਰਨਾ ਚਾਹੁੰਦਾ ਹੈ ਤਾਂ ਅਰਵਿੰਦ ਕੇਜਰੀਵਾਲ ਕਰਨ ਨਹੀਂ ਦੇ ਰਿਹਾ। ਇਸ ਮੌਕੇ ਉਨ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ। ਬਿੱਟੂ ਦਾ ਕਹਿਣਾ ਹੈ ਕਿ ਕੱਲ੍ਹ ਦਾ ਜੁਆਕ ਜਿਸ ਨੂੰ ਪੰਜਾਬ ਬਾਰੇ ਕੁਝ ਵੀ ਸਮਝ ਨਹੀਂ ਉਹ ਲੋਕਾਂ ਨੂੰ ਪਿੱਛੇ ਲਾ ਰਿਹਾ ਹੈ।

Share This Article
Leave a Comment