ਕੀਵ : ਯੂਕਰੇਨ ਰਸ਼ੀਆ ਵਿਵਾਦ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜੇਲੇਂਸਕੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇਸ ਬਿਆਨ ‘ਚ ਰੂਸ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਵੱਲੋ ਬਿਜਲੀ ਘਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜੇਲੇਂਸਕੀ ਦਾ ਕਹਿਣਾ ਹੈ ਕਿ ਸਿੱਧੇ ਹਮਲੇ ਦੌਰਾਨ ਰੂਸੀ ਸੈਨਿਕਾਂ ਨੂੰ ਕੋਈ ਲਾਭ ਨਹੀਂ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਘਰਾਂ ‘ਤੇ ਹੋਏ ਹਮਲੇ ਤੋਂ ਬਾਅਦ 45 ਲੱਖ ਲੋਕ ਬਿਨਾਂ ਬਿਜਲੀ ਤੋਂ ਰਹਿ ਰਹੇ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਰੂਸ ਵੱਲੋਂ ਮਿਜਾਇਲਾਂ ਨਾਲ ਯੂਕਰੇਨ ਦੇ ਬਿਜਲੀ ਉਪਕਰਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ‘ਚ ਦੇਸ਼ ਦੇ ਇੱਕ ਤਿਹਾਈ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਬੀਤੇ ਦਿਨੀਂ ਸਥਾਨਕ ਸਰਕਾਰ ਵੱਲੋਂ ਲੋਕਾਂ ਨੂੰ ਬਿਜਲੀ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਜੇਲੇਂਸਕੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬਿਜਲੀ ਘਰਾਂ ਨੂੰ ਨਿਸ਼ਾਨਾ ਬਣਾਉਣਾ ਰੂਸ ਦੀ ਕਮਜੋਰੀ ਦਾ ਸੰਕੇਤ ਹੈ ਕਿਉਂਕਿ ਉਨ੍ਹਾਂ ਨੂੰ ਸਿੱਧੇ ਹਮਲੇ ‘ਚ ਕੋਈ ਲਾਭ ਨਹੀਂ ਮਿਲਿਆ।