ਚੰਡੀਗੜ੍ਹ : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਸਲੇ ‘ਤੇ ਸਿਆਸੀ ਬਿਆਨਬਾਜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ। ਚੰਦੂਮਾਜਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਭ ਤੋਂ ਵੱਡੇ ਅਤੇ ਸੰਵਿਧਾਨਿਕ ਆਹੁਦਿਆਂ ‘ਤੇ ਬੈਠੇ ਦੋਵੇ ਅਧਿਕਾਰੀ ਮਿਹਣੋ ਮਿਹਣੀ ਹੋ ਰਹੇ ਹਨ। ਜਿਸ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਦਿੱਤਾ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗਵਰਨਰ ਵੱਲੋਂ ਮੁੱਖ ਮੰਤਰੀ ਨੂੰ ਪੀ.ਏ.ਯੂ. ਦੇ ਮਸਲੇ ‘ਤੇ ਚਿੱਠੀ ਲਿਖੀ ਜਾਂਦੀ ਹੈ ਫਿਰ ਮੁੱਖ ਮੰਤਰੀ ਵੱਲੋਂ ਚਿੱਠੀ ਲਿਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਮਿਲ ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵੀ.ਸੀ. ਦੀ ਨਿਯੁਕਤੀ ‘ਤੇ ਕਿਸੇ ਰਾਜਨੀਤਕ ਧਿਰ ਜਾਂ ਹੋਰ ਸੰਸਥਾ ਵੱਲੋਂ ਕੋਈ ਇਤਰਾਜ ਜਾਹਰ ਨਹੀਂ ਕੀਤਾ ਗਿਆ ਸੀ।
ਦੱਸ ਦੇਈਏ ਕਿ ਇਸ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵੱਲੋਂ ਇਸੀ ਮਸਲੇ ‘ਤੇ ਬੋਲਦਿਆਂ ਸਰਕਾਰ ਖਿਲਾਫ ਬੇਭਰੋਸਗੀ ਪ੍ਰਗਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਿੱਠੀ ਕੁਝ ਹੋਰ ਲਿਖੀ ਜਾਂਦੀ ਹੈ ਜਨਤਕ ਕੁਝ ਹੋਰ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ” ‘ਆਪ’ ਸਰਕਾਰ ਨੇ ਪੀਏਯੂ ਦੇ ਵਾਈਸ ਚਾਂਸਲਰ ਨੂੰ ਹਟਾਉਣ ਦੇ ਮੁੱਦੇ ‘ ਤੇ ਦੋ ਪੱਤਰ ( ਇੱਕ ਸੋਸ਼ਲ ਮੀਡੀਆ ਲਈ ਤੇ ਇੱਕ ਰਾਜਪਾਲ ਲਈ) ਲਿਖ ਕੇ ਰਾਜਪਾਲ ਪੰਜਾਬ ਅਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ ‘ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਕੀ ਦੋਵੇਂ ਪੱਤਰ ਉਨ੍ਹਾਂ ਦੀ ਸਹਿਮਤੀ ਨਾਲ ਜਾਰੀ ਕੀਤੇ ਗਏ ਸਨ ? “