ਚੰਡੀਗੜ੍ਹ: ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਦਾ ਪੁਨਰਗਠਨ ਕੀਤਾ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਇਸ ਦੇ ਚੇਅਰਮੈਨ ਵੱਜੋਂ ਨਿਯੁਕਤ ਕੀਤੇ ਗਏ।
ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ (ਮਾਲ), ਵੱਲੋਂ ਇੱਥੇ ਕੀਤੇ ਇੱਕ ਸਰਕੂਲਰ ਅਨੁਸਾਰ ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਐਕਟ, 1954 (ਪੈਪਸੂ ਐਕਟ ਨੰਬਰ 2, 1955) ਦੀ ਧਾਰਾ 4 ਅਤੇ ਉਸ ਨੂੰ ਹੋਰ ਸਾਰੀਆਂ ਸ਼ਕਤੀਆਂ ਦੇ ਅਧੀਨ ਉਕਤ ਐਕਟ ਦੀ ਧਾਰਾ 3 ਦੇ ਤਹਿਤ ਪਟਿਆਲਾ ਅਤੇ ਪੂਰਬੀ ਪੰਜਾਬ ਰਾਜ ਯੂਨੀਅਨ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਦਾ ਪੁਨਰਗਠਨ ਕੀਤਾ ਅਤੇ ਪੰਜਾਬ ਦੇ ਰਾਜਪਾਲ ਨੇ ਚੇਅਰਮੈਨ, ਸੀਨੀਅਰ ਵਾਈਸ ਚੇਅਰਮੈਨ, ਵਾਈਸ ਚੇਅਰਮੈਨ ਅਤੇ ਇਸ ਦੇ ਮੈਂਬਰਾਂ ਦੇ ਨਾਵਾਂ ‘ਤੇ ਮੁਹਰ ਲਗਾਈ।
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਇਸ ਬੋਰਡ ‘ਚ ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਸੀਨੀਅਰ ਵਾਈਸ ਚੇਅਰਮੈਨ ਅਤੇ ਰਾਜਪੁਰਾ ਤੋਂ ਵਿਧਾਇਕ ਸ਼੍ਰੀਮਤੀ ਨੀਨਾ ਮਿੱਤਲ ਵਾਈਸ ਚੇਅਰਮੈਨ ਹੋਣਗੇ। ਨਾਲ ਹੀ ਰਿਤੇਸ਼ ਬਾਂਸਲ, ਗੁਰਵੀਰ ਸਿੰਘ ਸਰਾਓ, ਸੁਮਿਤ ਬਖਸ਼ੀ ਅਤੇ ਜਤਿੰਦਰ ਵਰਮਾ ਨੂੰ ਬੋਰਡ ਦੇ ਮੈਂਬਰਾਂ ਵੱਜੋਂ ਨਿਯੁਕਤ ਕੀਤਾ ਗਿਆ ਹੈ।
ਸਰਕਾਰ ਨੇ ਪੰਜਾਬ ਮਾਲ ਵਿੱਤੀ ਕਮਿਸ਼ਨਰ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਬੋਰਡ ਦੇ ਮੈਂਬਰ ਅਤੇ ਰਾਜਪੁਰਾ ਦੇ ਉਪ ਮੰਡਲ ਮੈਜਿਸਟਰੇਟ ਨੂੰ ਇਸ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।