ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਸਤੰਬਰ ਮਹੀਨੇ ਦੌਰਾਨ ਸੂਬੇ ਵਿੱਚ ਮਨਾਏ ਜਾ ਰਹੇ ‘ਪੋਸ਼ਣ ਮਾਹ’ ਵਿੱਚ ਔਰਤਾਂ ਨੂੰ ਵੱਡੇ ਪੱਧਰ ’ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮਹੀਨਾ ਭਰ ਚੱਲਣ ਵਾਲਾ ਇਹ ਪ੍ਰੋਗਰਾਮ ਔਰਤਾਂ ਅਤੇ ਉਨਾਂ ਦੀ ਸਿਹਤ, ਬੱਚਿਆਂ ਅਤੇ ਲਿੰਗ ਸਬੰਧੀ ਸੰਵੇਦਨਸ਼ੀਲਤਾ ‘ਤੇ ਕੇਂਦਰਿਤ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਜਨਮ ਤੋਂ ਪਹਿਲਾਂ ਦੀ ਦੇਖਭਾਲ, ਵੱਧ ਤੋਂ ਵੱਧ ਮਾਂ ਦਾ ਦੁੱਧ ਪਿਲਾਉਣ , ਪੂਰਕ ਖੁਰਾਕ, ਅਨੀਮੀਆ, ਬੱਚੇ ਦੇ ਵਧਣ-ਫੁੱਲਣ ਸਬੰਧੀ ਨਿਗਰਾਨੀ, ਲੜਕੀਆਂ ਦੀ ਸਿੱਖਿਆ, ਖੁਰਾਕ, ਵਿਆਹ ਦੀ ਸਹੀ ਉਮਰ, ਸਫਾਈ ਅਤੇ ਸੈਨੀਟੇਸ਼ਨ ਅਤੇ ਫੂਡ ਫੋਰਟੀਫਿਕੇਸ਼ਨ ਆਦਿ ਵਿਸ਼ਿਆਂ ’ਤੇ ਅਧਾਰਤ ਹੈ। ਉਨਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 1 ਸਤੰਬਰ, 2022 ਤੋਂ ਔਰਤਾਂ ਅਤੇ ਉਨਾਂ ਦੀਆਂ ਸਿਹਤ ਗਤੀਵਿਧੀਆਂ ਨਾਲ ਸ਼ੁਰੂ ਹੋ ਚੁੱਕਾ ਹੈ। ਉਨਾਂ ਅੱਗੇ ਕਿਹਾ ਕਿ ਪੂਰੇ ਮਹੀਨੇ ਦੌਰਾਨ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ , ਵੱਖ-ਵੱਖ ਗਤੀਵਿਧੀਆਂ ਜਿਵੇਂ : ਖੇਤਰੀ ਭੋਜਨ, ਯੋਗਾ ਸੈਸ਼ਨ ਅਤੇ ਕਬੀਲਿਆਂ ਦੇ ਔਰਤਾਂ -ਬੱਚਿਆਂ ਲਈ ਰਵਾਇਤੀ ਭੋਜਨ ਦੇਣ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਮਲਟੀ ਮਿਨਿਸਟੀਰੀਅਲ ਕਨਵਰਜੈਂਸ ਮਿਸ਼ਨ ‘ਪੋਸ਼ਣ ਅਭਿਆਨ’ ਲਈ ਵਿਭਾਗ ਨੇ ਚਾਰ ਹਫਤਿਆਂ ਲਈ ਚਾਰ ਬੁਨਿਆਦੀ ਵਿਸ਼ਿਆਂ ਦੀ ਸ਼ਨਾਖਤ ਕੀਤੀ ਹੈ। ਪਹਿਲੇ ਹਫਤੇ ਦੌਰਾਨ ਔਰਤਾਂ ਅਤੇ ਉਨ੍ਹਾਂ ਦੀ ਸਿਹਤ, ਦੂਜੇ ਹਫਤੇ ਬੱਚਿਆਂ ਅਤੇ ਸਿੱਖਿਆ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਲਿੰਗ ਸਬੰਧੀ ਸੰਵੇਦਨਸ਼ੀਲ ,ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਸਬੰਧੀ ਗਤੀਵਿਧੀਆਂ ਤੀਜੇ ਹਫਤੇ ਦਾ ਵਿਸ਼ਾ ਹੈ। ਇਸੇ ਤਰਾਂ ਕਬੀਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਲਈ ਰਵਾਇਤੀ ਭੋਜਨ ਦੀ ਮੁਹਿੰਮ ਚੌਥੇ ਹਫਤੇ ਦਾ ਮੁੱਖ ਉਦੇਸ਼ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੋਸ਼ਣ ਮਹੀਨਾ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਲਾਕ ਪੱਧਰ ‘ਤੇ ਪੋਸ਼ਣ ਮੁਹਿੰਮ ਲਈ ਨਿਯੁਕਤ ਕਰਮਚਾਰੀ, ਸੀ.ਡੀ.ਪੀ.ਓ., ਸੁਪਰਵਾਈਜ਼ਰ, ਆਂਗਣਵਾੜੀ ਵਰਕਰਾਂ ਅਤੇ ਹੈਲਪਰ ਵੀ ਸ਼ਾਮਲ ਹੋ ਰਹੇ ਹਨ।