ਅਰਸ਼ਦੀਪ ਸਿੰਘ ਦੇ ਹੱਕ ‘ਚ ਉੱਤਰੇ ਪਾਕਿਸਤਾਨੀ ਕ੍ਰਿਕਟਰ, ਲੋਕਾਂ ਨੂੰ ਕੀਤੀ ਖਾਸ ਅਪੀਲ

Global Team
4 Min Read

ਨਵੀਂ ਦਿੱਲੀ: ਪਾਕਿਸਤਾਨ ਨੇ ਬੀਤੇ ਦਿਨੀਂ ਏਸ਼ੀਆ ਕੱਪ ਦੇ ਮੈਚ ਵਿੱਚ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਇਸ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕ੍ਰਿਕਟ ਦੇਖਣ ਵਾਲੇ ਪ੍ਰਸ਼ੰਸਕਾਂ ਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਖਿਡਾਰੀ ਅਰਸ਼ਦੀਪ ਸਿੰਘ ਨੂੰ ਸਭ ਤੋਂ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਹੈ। 18ਵੇਂ ਓਵਰ ‘ਚ ਅਰਸ਼ਦੀਪ ਸਿੰਘ ਤੋਂ ਰਵੀ ਬਿਸ਼ਨੋਈ ਦੀ ਗੇਂਦ ‘ਤੇ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਦਾ ਆਸਾਨ ਕੈਚ ਛੁੱਟ ਗਿਆ।

ਕ੍ਰਿਕਟ ਦੇ ਫੈਨਜ਼ ਇਸ ਕੈਚ ਡਰਾਪ ਨੂੰ ਮੈਚ ਹਾਰਨ ਦਾ ਕਾਰਨ ਮੰਨ ਰਹੇ ਹਨ ਅਤੇ ਅਰਸ਼ਦੀਪ ਸਿੰਘ ਨੂੰ ਬੁਰਾ ਭਲਾ ਕਹਿ ਰਹੇ ਹਨ। ਸੋਸ਼ਲ ਮੀਡੀਆ ‘ਤੇ ਆਲੋਚਨਾ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਸਣੇ ਪਾਕਿਸਤਾਨੀ ਖਿਡਾਰੀ ਵੀ ਅਰਸ਼ਦੀਪ ਦੇ ਹੱਕ ‘ਚ ਅੱਗੇ ਆਇਆ ਹੈ।

ਸਾਬਕਾ ਸਪਿਨਰ ਹਰਭਜਨ ਸਿੰਘ ਨੇ ਅਰਸ਼ਦੀਪ ਸਿੰਘ ਦੇ ਸਮਰਥਨ ‘ਚ ਟਵੀਟ ਕੀਤਾ ‘ਤੇ ਕ੍ਰਿਕਟਰ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਫਟਕਾਰ ਲਗਾਈ ਹੈ।

ਹਰਭਜਨ ਸਿੰਘ ਨੇ ਟਵੀਟ ਕਰਕੇ ਲਿਖਿਆ…’ਅਰਸ਼ਦੀਪ ਸਿੰਘ ਦੀ ਆਲੋਚਨਾ ਕਰਨੀ ਬੰਦ ਕਰੋ, ਕੋਈ ਵੀ ਜਾਣਬੁਝ ਕੇ ਕੈਚ ਨਹੀਂ ਛੱਡਦਾ। ਪਾਕਿਸਤਾਨ ਨੇ ਚੰਗਾ ਪ੍ਰਦਰਸ਼ਨ ਕੀਤਾ। ਇਹ ਸ਼ਰਮਨਾਕ ਹੈ ਕਿ ਕੁਝ ਲੋਕ ਸਾਡੀ ਟੀਮ ਅਤੇ ਅਰਸ਼ਦੀਪ ਬਾਰੇ ਸੋਸ਼ਲ ਮੀਡੀਆ ‘ਤੇ ਮਾੜੀਆਂ ਗੱਲਾਂ ਕਰ ਰਹੇ ਹਨ। ਅਰਸ਼ਦੀਪ ਸੋਨਾ ਹੈ।’

ਉੱਥੇ ਹੀ ਪਾਕਿਸਤਾਨੀ ਕ੍ਰਿਕਟਰ ਹਫੀਜ਼ ਨੇ ਅਰਸ਼ਦੀਪ ਦੇ ਹੱਕ ‘ਚ ਬੋਲਦਿਆਂ ਸੋਸ਼ਲ ਮੀਡੀਆ ‘ਤੇ ਸਾਰੇ ਭਾਰਤੀ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ। ਹਫੀਜ਼ ਨੇ ਕਿਹਾ ਕਿ ‘ਖੇਡ ‘ਚ ਗਲਤੀਆਂ ਹੁੰਦੀਆਂ ਹਨ, ਕਿਉਂਕਿ ਅਸੀਂ ਇਨਸਾਨ ਹਾਂ। ਇਨ੍ਹਾਂ ਗਲਤੀਆਂ ‘ਤੇ ਕਿਸੇ ਦਾ ਅਪਮਾਨ ਨਾਂ ਕਰੋ।’ ਉਸ ਨੇ ਆਪਣੀ ਪੋਸਟ ਵਿੱਚ ਅਰਸ਼ਦੀਪ ਨੂੰ ਵੀ ਟੈਗ ਕੀਤਾ ਹੈ। ਹਫੀਜ਼ ਤੋਂ ਇਲਾਵਾ ਕਈ ਪਾਕਿਸਤਾਨੀ ਪ੍ਰਸ਼ੰਸਕ ਵੀ ਅਰਸ਼ਦੀਪ ਦੇ ਸਮਰਥਨ ‘ਚ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਭਾਰਤ ਦੀ ਹਾਰ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਟਵੀਟ ਕਰਕੇ ਸਾਥੀ ਖਿਡਾਰੀਆਂ ਨੂੰ ਇੱਕ ਸੰਦੇਸ਼ ਦਿੱਤਾ। ਕਾਰਤਿਕ ਨੇ ਟਵੀਟ ਕਰਕੇ ਲਿਖਿਆ, ‘ਹਰ ਦਿਨ ਸਾਡਾ ਨਹੀਂ ਹੋ ਸਕਦਾ.. ਅਸੀਂ ਇਸ ਨਾਲ ਮਜ਼ਬੂਤ ​​ਹੋਵਾਂਗੇ ਅਤੇ ਅੱਗੇ ਵਧਾਂਗੇ।’ ਕਾਰਤਿਕ ਦੇ ਇਸ ਟਵੀਟ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਵਿਰਾਟ ਕੋਹਲੀ ਨੇ ਅਰਸ਼ਦੀਪ ਦੀ ਗੱਲ ਕਰਦਿਆਂ ਕਿਹਾ, ‘ਇਹ ਦਬਾਅ ‘ਚ ਕਿਸੇ ਨਾਲ ਵੀ ਹੋ ਸਕਦਾ ਹੈ। ਵੱਡਾ ਮੈਚ ਹੈ, ਸਥਿਤੀ ਵੀ ਗੰਭੀਰ ਸੀ। ਮੈਨੂੰ ਯਾਦ ਹੈ ਜਦੋਂ ਮੈਂ ਚੈਂਪੀਅਨਸ ਟਰਾਫੀ ਵਿੱਚ ਪਾਕਿਸਤਾਨ ਦੇ ਖਿਲਾਫ ਆਪਣਾ ਪਹਿਲਾ ਮੈਚ ਖੇਡਿਆ ਸੀ ਤਾਂ ਮੈਂ ਇੱਕ ਖਰਾਬ ਸ਼ਾਟ ਖੇਡਿਆ ਸੀ ਅਤੇ ਆਊਟ ਹੋ ਗਿਆ ਸੀ। ਦਬਾਅ ਹੇਠ ਕੋਈ ਵੀ ਗਲਤੀ ਕਰ ਸਕਦਾ ਹੈ। ਬੁਰਾ ਮਹਿਸੂਸ ਹੋਣਾ ਸੁਭਾਵਿਕ ਹੈ। ਟੀਮ ਦਾ ਮਾਹੌਲ ਇਸ ਸਮੇਂ ਬਹੁਤ ਵਧੀਆ ਹੈ, ਪ੍ਰਬੰਧਨ ਅਤੇ ਕਪਤਾਨ ਦਾ ਧੰਨਵਾਦ। ਆਪਣੀ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ, ਉਸ ‘ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਇਕ ਵਾਰ ਫਿਰ ਉਸ ਦਬਾਅ ਵਾਲੀ ਸਥਿਤੀ ਵਿੱਚ ਆਉਣ ਲਈ ਤਿਆਰ ਰਹਿਣਾ ਚਾਹੀਦਾ ਹੈ।’

Share This Article
Leave a Comment