ਕੈਨੇਡਾ ‘ਚ ਜੁਲਾਈ ਮਹੀਨੇ ਦੌਰਾਨ ਘਟੀ ਮਹਿੰਗਾਈ ਦਰ

Prabhjot Kaur
2 Min Read

ਟੋਰਾਂਟੋ: ਕੈਨੇਡਾ ‘ਚ ਮੌਜੂਦਾ ਸਾਲ ਦੌਰਾਨ ਪਹਿਲੀ ਵਾਰ ਮਹਿੰਗਾਈ ਤੋਂ ਰਾਹਤ ਮਿਲੀ ਹੈ। ਮੁਲਕ ‘ਚ ਜੁਲਾਈ ਮਹੀਨੇ ਦੌਰਾਨ ਮਹਿੰਗਾਈ ਦਰ ਘਟ ਕੇ 7.6 ਫ਼ੀਸਦੀ ‘ਤੇ ਆ ਗਈ ਜੋ ਜੂਨ ਮਹੀਨੇ 8.1 ਫ਼ੀਸਦੀ ਤੱਕ ਪਹੁੰਚ ਗਈ ਸੀ। ਮਹਿੰਗਾਈ ਦਰ ਹੇਠਾਂ ਆਉਣ ਦਾ ਮੁੱਖ ਕਾਰਨ ਤੇਲ ਕੀਮਤਾਂ ਵਿੱਚ ਕਮੀ ਦੱਸਿਆ ਜਾ ਰਿਹਾ ਹੈ, ਪਰ ਉੱਥੇ ਹੀ ਦੂਜੇ ਪਾਸੇ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਘਰਾਂ ਦੇ ਕਿਰਾਏ ਵੀ ਵਧਦੇ ਜਾ ਰਹੇ ਹਨ।

ਜੁਲਾਈ ਮਹੀਨੇ ਦੌਰਾਨ ਗੈਸ ਕੀਮਤਾਂ ‘ਚ ਪਿਛਲੇ ਸਾਲ ਦੇ ਮੁਕਾਬਲੇ 35.6 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਪਰ ਇਹ ਅੰਕੜਾ ਜੂਨ ਵਿੱਚ ਹੋਏ 54.6 ਫ਼ੀਸਦੀ ਵਾਧੇ ਤੋਂ ਹੇਠਾਂ ਰਿਹਾ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਖੁਰਾਕੀ ਵਸਤਾਂ 9.9 ਫ਼ੀਸਦੀ ਮਹਿੰਗੀਆਂ ਹੋ ਚੁੱਕੀਆਂ ਹਨ ਅਤੇ ਇਹ ਰਫ਼ਤਾਰ 41 ਸਾਲ ‘ਚ ਸਭ ਤੋਂ ਤੇਜ਼ ਮੰਨੀ ਜਾ ਰਹੀ ਹੈ।

ਇਸ ਤੋਂ ਇਲਾਵਾ ਤਾਜ਼ੇ ਫਲਾਂ ਦੀਆਂ ਕੀਮਤਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ 11.7 ਫ਼ੀਸਦ ਵਾਧਾ ਹੋਇਆ। ਖਰਚੇ ਦੇ ਮੁਕਾਬਲੇ ਜੇਕਰ ਅਸੀਂ ਕਮਾਈ ਵੱਲ ਦੇਖੀਏ ਤਾਂ ਜੁਲਾਈ ਮਹੀਨੇ ਦੌਰਾਨ ਉਜਰਤ ਦਰਾਂ ‘ਚ 52 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਮਹਿੰਗਾਈ ਦੀ ਮੌਜੂਦਾ ਦਰ ਬੈਂਕ ਆਫ਼ ਕੈਨੇਡਾ ਵੱਲੋਂ ਤੈਅ 2 ਫ਼ੀਸਦੀ ਹੋਂਦ ਤੋਂ ਕਿਤੇ ਉਪਰ ਹੈ ਅਤੇ ਜ਼ਰੂਰੀ ਵਸਤਾਂ ਖਰੀਦਣ ਲਈ ਲੋਕਾਂ ਨੂੰ ਆਰਥਿਕ ਬੋਝ ਬਰਦਾਸ਼ਤ ਕਰਨਾ ਪਵੇਗਾ।

ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਮਹਿੰਗਾਈ ‘ਤੇ ਪਾਉਣ ਲਈ ਅਗਲੇ ਮਹੀਨੇ ਵਿਆਜ ਦਰਾਂ ਮੁੜ ਵਧਾਉਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਮਹਿੰਗਾਈ ਨੂੰ ਨੱਥ ਪਾਉਣਾ ਹੈ ਅਤੇ ਇਸ ਵਾਸਤੇ ਹਰ ਸੰਭਵ ਕਦਮ ਉਠਾਇਆ ਜਾ ਸਕਦਾ ਹੈ। ਉਧਰ ਟੀ.ਡੀ. ਬੈਂਕ ਦੀ ਮੁੱਖ ਅਰਥਸ਼ਾਸਤਰੀ ਬਿਆਟਾ ਕਰੋਚੀ ਨੇ ਕਿਹਾ ਕਿ ਮਹਿੰਗਾਈ ਦੇ ਬਾਵਜੂਦ ਕੈਨੇਡਾ ਵਾਸੀਆਂ ਵੱਲੋਂ ਖਰਚ ਕਰਨ ਦੀ ਰਫ਼ਤਾਰ ਵਿੱਚ ਬਹੁਤੀ ਕਮੀ ਨਹੀਂ ਆਈ। ਇਸੇ ਰੁਝਾਨ ਸਦਕਾ ਕੈਨੇਡੀਅਨ ਅਰਥਚਾਰਾ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਅਮਰੀਕਾ ਤੋਂ ਦੁੱਗਣੀ ਰਫ਼ਤਾਰ ਨਾਲ ਅੱਗੇ ਵਧਿਆ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment