ਮੁਹਾਲੀ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਡਰੋਨਾਂ ਰਾਹੀਂ ਭਾਰਤ ਪਾਕਿਸਤਾਨ ਸਰਹੱਦ ਜ਼ਰੀਏ ਹਥਿਆਰ, ਧਮਾਕਾਖ਼ੇਜ਼ ਸਮੱਗਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਕਰਕੇ ਭਾਰਤ ਲਿਆਉਣ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ।
ਰਿਪੋਰਟਾਂ ਮੁਤਾਬਕ ਜਿਨ੍ਹਾਂ 5 ਲੋਕਾਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਉਨ੍ਹਾਂ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇੇ ਦਾ ਬੇਟਾ ਗੁਰਮੁਖ਼ ਸਿੰਘ ਅਤੇ ਭਾਈ ਰੋਡੇ ਦਾ ਪਾਕਿਸਤਾਨ ਰਹਿੰਦਾ ਭਰਾ ਅਤੇ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਦੇ ਮੁਖ਼ੀ ਲਖ਼ਬੀਰ ਸਿੰਘ ਰੋਡੇ ਸ਼ਾਮਲ ਹਨ।
ਗੁਰਮੁਖ਼ ਸਿੰਘ ਸਣੇ 4 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ ਲਖ਼ਬੀਰ ਸਿੰਘ ਰੋਡੇ ਨੂੰ ਫ਼ਰਾਰ ਦੱਸਿਆ ਗਿਆ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਵਿੱਚ ਜਲੰਧਰ ਵਾਸੀ ਗੁਰਮੁਖ਼ ਸਿੰਘ ਤੋਂ ਇਲਾਵਾ ਹਰਮੇਸ਼ ਸਿੰਘ ਉਰਫ਼ ਕਾਲੀ, ਦਰਵੇਸ਼ ਸਿੰਘ ਸ਼ਿੰਦਾ ਅਤੇ ਕਪੂਰਥਲਾ ਵਾਸੀ ਗਗਨਦੀਪ ਸਿੰਘ ਸ਼ਾਮਲ ਹਨ। ਚਾਰਜਸ਼ੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਥਿਤ ਦੋਸ਼ੀਆਂ ਦੇ ਖਿਲਾਫ਼ ਪੁਖ਼ਤਾ ਸਬੂਤ ਮਿਲੇ ਹਨ।
ਦਾਅਵਾ ਕੀਤਾ ਗਿਆ ਹੈ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਨੇ ਹਥਿਆਰ, ਗੋਲਾ ਬਾਰੂਦ, ਧਮਾਕਾਖੇਜ਼ ਸਮੱਗਰੀ ਅਤੇ ਨਸ਼ੇ ਦੀਆਂ ਖ਼ੇਪਾਂ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਸਮੱਗਲ ਕੀਤੀਆਂ ਸਨ।