ਬਿੰਦੂ ਸਿੰਘ
ਫ਼ਰਵਰੀ 20 ਨੂੰ ਵੋਟਾਂ ਪੈ ਜਾਣ ਤੋਂ ਬਾਅਦ ਨਤੀਜੇ ਮਾਰਚ 10 ਨੂੰ ਆਉਣਗੇ ਪਰ ਲੋਕਾਂ ਤੇ ਸਿਆਸੀ ਲੀਡਰਾਂ ਲਈ ਇਨ੍ਹਾਂ ਲੰਮਾ ਇੰਤਜ਼ਾਰ ਕਰਨਾ ਬੇਸ਼ਕ ਸਾਹ ਚੜ੍ਹਾ ਦੇਣ ਵਾਲਾ ਕੰਮ ਹੋਇਆ ਪਿਆ ਹੈ।
ਭਾਵੇਂ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕੋਈ ਬਹੁਤੀਆਂ ਰੈਲੀਆਂ , ਪ੍ਰਚਾਰ ਪ੍ਰਸਾਰ ਖੁੱਲ੍ਹ ਕੇ ਨਹੀਂ ਹੋ ਸਕਿਆ ਪਰ ਫੇਰ ਵੀ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਦੀ ਇਜਾਜ਼ਤ ਸੀ। ਫੇਸਬੁੱਕ , ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਜ਼ਰੀਏ ਚੋਣ ਮੇਲੇ ਦੀਆਂ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਸਨ। ਪਰ ਫਿਰ ਵੀ ਹਰ ਰੋਜ਼ ਪੰਜਾਬ ਦੇ ਲੋਕ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਇਹੋ ਗੱਲਾਂ ਕਰਦੇ ਸੁਣਦੇ ਵੇਖੇ ਜਾ ਸਕਦੇ ਹਨ ਕਿ ਇਸ ਵਾਰ ਸਰਕਾਰ ਕਿਸ ਦੀ ਬਣੇਗੀ।
ਟੀ ਵੀ ਚੈਨਲਾਂ ਅਤੇ ਅਖ਼ਬਾਰਾਂ ਵਿੱਚ ਐਗਜ਼ਿਟ ਪੋਲ ਦੇ ਆਂਕੜੇ ਤੇ ਕੀਤੇ ਜਾਣ ਵਾਲੇ ਸ਼ੋਅ ਵੀ ਲੱਗੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਵਿਖਾਈ ਨਹੀਂ ਦੇ ਰਹੇ ਹਨ। ਇਸ ਕਰਕੇ ਮੀਡੀਆ ਵਾਲੇ ਵੀ ਬਸ 10 ਮਾਰਚ ਦਾ ਹੀ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਬਹੁਤੇ ਲੋਕਾਂ ਦੇ ਮਨਾਂ ਚ ਚੋਣ ਨਤੀਜਿਆਂ ਨੂੰ ਲੈ ਕੇ ਨਕਸ਼ਾ ਕੋਈ ਸਾਫ਼ ਨਹੀਂ ਉੱਕਰ ਰਿਹਾ , ਅੰਦਾਜ਼ੇ ਕਈ ਲਏ ਜਾ ਰਹੇ ਹਨ।
ਮਾਹਿਰਾਂ ਤੋਂ ਲੈ ਕੇ ਸਿਆਸੀ ਲੀਡਰਾਂ ਤੱਕ ਇਕੋ ਸਵਾਲ ਵਾਰ ਵਾਰ ਆ ਰਿਹਾ ਹੇੈ ਕਿ ਜੇਕਰ ‘ਹੰਗ ਅਸੰਬਲੀ’ ਵਰਗੇ ਹਾਲਾਤ ਬਣੇ ਫੇਰ ਉਸ ਤੋਂ ਅੱਗੇ ਦੀ ਤਸਵੀਰ ਕਿਵੇਂ ਦੀ ਹੋਵੇਗੀ। ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਗੱਲ ਕਰੋ ਤਾਂ ਉਹ ਆਪਣੀ ਪਾਰਟੀ ਦਾ ਪੂਰੇ ਬਹੁਮਤ ਨਾਲ ਜਿੱਤ ਕੇ ਸਰਕਾਰ ਬਣਾਉਣ ਦਾ ਝੰਡਾ ਬੁਲੰਦ ਕਰਦੇ ਵਿਖਾਈ ਦਿੰਦੇ ਨੇ, ਪਰ ਇੱਕ ਵਾਰ ਵਾਪਸ ਜ਼ਰੂਰ ਪੁੱਛਦੇ ਨੇ, ਤੁਹਾਨੂੰ ਕੀ ਲੱਗਦਾ ਹੈ ਕਿ ਨਤੀਜੇ ਕੀ ਰਹਿਣਗੇ।
ਇਸ ਵਿਚਕਾਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਤੇ ਉਲਝਣ ਸਾਫ਼ ਪੜ੍ਹੀ ਜਾ ਸਕਦੀ ਹੈ। ਟੀ ਵੀ ਚੈਨਲਾਂ ਤੇ ਵੀ ਇੱਕ ਦੋ ਦਿਨ ਸ਼ਾਮ ਵਾਲੀਆਂ ਡਿਬੇਟਾਂ ਵੇਖਣ ਨੂੰ ਮਿਲੀਆਂ ਪਰ ਬਹੁਤਾ ਕਰਕੇ ਗੱਲ ਕੋਈ ਖ਼ਾਸ ਤੁਰ ਨਹੀਂ ਰਹੀ ਹੇੈ। ਚੋਣਾਂ ਤੋਂ ਅਗਲੇ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਆ ਕੇ ਉਮੀਦਵਾਰਾਂ ਨੇ ਵੋਟਰਾਂ ਦਾ, ਅਵਾਮ ਦਾ ਧੰਨਵਾਦ ਕਰਦੇ ਹੋਏ ਕੁਝ ਵੀਡਿਓ ਸੁਨੇਹੇ ਜਾਂ ਫਿਰ ਪੋਸਟਾਂ ਜ਼ਰੂਰ ਪਾਈਆਂ ਹਨ।
ਚੋਣਾਂ ਤੋਂ ਬਾਅਦ ਕਈ ਉਮੀਦਵਾਰਾਂ ਨੇ ਇਹ ਵੀ ਕਿਹਾ ਕਿ ਕਈ ਦਿਨਾਂ ਬਾਅਦ ਹੁਣ ਉਹ ਰਾਹਤ ਮਹਿਸੂਸ ਕਰ ਰਹੇ ਹਨ। ਸਿਆਸੀ ਲੀਡਰਾਂ ਦੇ ਮਨਾਂ ਵਿੱਚ ਚੋਣ ਹਦਾਇਤਾਂ ਦੇ ਕਾਰਨ ਲੋਕਾਂ ਨਾਲ ਸੰਪਰਕ ਕਰਨ ਦਾ ਪੁਰਾ ਸਮਾਂ ਨਾ ਮਿਲ ਸਕਣ ਕਰਕੇ ਇੱਕ ਮਲਾਲ ਜ਼ਰੂਰ ਹੇੈ ਕਿ ਸ਼ਾਇਦ ਪ੍ਰਚਾਰ ਵੱਧ ਹੋ ਸਕਦਾ ਸੀ। ਮੁੱਖ ਮੰਤਰੀ ਕੌਣ ਹੋਵੇਗਾ ਇਸ ਗੱਲ ਨੂੰ ਲੈ ਕੇ ਚਰਚਾ ਘੱਟ ਹੋ ਰਹੀਆਂ ਹਨ ਪਰ ਸਰਕਾਰ ਕਿਹੜੀ ਪਾਰਟੀ ਦੀ ਆਵੇਗੀ ਇਸ ਦੇ ਸਭਨਾਂ ਦੀ ਸੋਚ ਜ਼ਿਆਦਾ ਟਿਕੀ ਹੋਈ ਹੈ।
ਗੱਲਾਂ ਤੇ ਇੱਥੋਂ ਤੱਕ ਆ ਰਹੀਆਂ ਹਨ ਕਿ ਇਸ ਵਾਰ ਕਈ ਸਿਆਸੀ ਲੀਡਰਾਂ ਦਾ ਭਵਿੱਖ ਵੀ ਦਾਅ ‘ਤੇ ਲੱਗਿਆ ਹੋ ਸਕਦਾ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਦੇ ਨਤੀਜੇ ਹੈਰਾਨੀਜਨਕ ਹੋਣਗੇ ਪਰ ਅੰਕਡ਼ਿਆਂ ਦੀ ਖੇਡ ‘ਚ ਬਹੁਮੱਤ ਕਿਸੇ ਵੀ ਪਾਰਟੀ ਦਾ ਨਹੀਂ ਆਵੇਗਾ। ਕਈ ਹੋਰਾਂ ਦਾ ਮੰਨਣਾ ਹੈ ਕਿ ਭਾਵੇ ਕਿਸੇ ਪਾਰਟੀ ਦੀ ਸਰਕਾਰ ਬਣੇ ਪਰ ਪੂਰੇ ਬਹੁਮਤ ਵਾਲੀ ਸਰਕਾਰ ਆਵੇਗੀ।
ਪਰ ਧਿਆਨ ਦੇਣ ਯੋਗ ਗੱਲ ਹੈ ਕਿ ਇਸ ਵਾਰ ਸਾਰੀ ਪਾਰਟੀਆਂ ਵੱਲੋਂ ਕੀਤੇ ਚੋਣ ਵਾਅਦੇ ਪਿਛਲੀਆਂ ਚੋਣਾਂ ਦੇ ਵਾਅਦਿਆਂ ਨਾਲੋਂ ਕੁਝ ਵੱਖ ਸਨ। ਪਿਛਲੇ ਮੁੱਦਿਆਂ ਨੂੰ ਕਿਸੇ ਵੀ ਪਾਰਟੀ ਨੇ ਕੋਈ ਜ਼ਿਆਦਾ ਛੇਡ਼ਿਆ ਨਹੀਂ, ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਚੋਣ ਪ੍ਰਚਾਰ ਦੇ ਆਖ਼ਰੀ ਦਿਨਾਂ ਵਿੱਚ ਉਮੀਦਵਾਰ ਇੱਕ ਦੂਜੇ ‘ਤੇ ਸ਼ਬਦੀ ਹਮਲੇ ਜ਼ਿਆਦਾ ਕਰਦੇ ਨਜ਼ਰ ਆਏ ਤੇ ਲੋਕਾਂ ਦੀ ਗੱਲ ਘੱਟ।
ਪਰ ਇਹ ਗੱਲ ਸਪੱਸ਼ਟ ਹੈ ਕਿ ਸਿਆਸਤ ਵਿੱਚ ਦੋਸਤ ਤੇ ਦੁਸ਼ਮਣ ਬਣਦੇ ਅਤੇ ਵਿਗੜਦੇ ਜ਼ਿਆਦਾ ਸਮਾਂ ਨਹੀਂ ਲੱਗਦਾ ਹੇੈ। ਕੋਈ ਵੱਡੀ ਗੱਲ ਨਹੀਂ ਕਿ ਵਿਛੜੇ ਹੋਏ ਸਹਿਯੋਗੀ ਤੇ ਟੁੱਟੇ ਹੋਏ ਸਿਆਸੀ ਰਿਸ਼ਤੇ ਮੁੜ ਸਜੀਵ ਹੋ ਜਾਣ।
ਇਸ ਵਿਚਕਾਰ ਬੀਤੇ ਕੱਲ੍ਹ ਦਾ ਪੱਥਰਾਂ ਦੇ ਸ਼ਹਿਰ ਚੰਡੀਗਡ਼੍ਹ ਜੋ ਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ, ਇਸ ਵਿੱਚ ਬਿਜਲੀ ਗੁਲ ਦਾ ਮਾਮਲਾ ਵੀ ਪੂਰਾ ਗਰਮਾਇਆ ਰਿਹਾ। ਵੀਵੀਆਈਪੀ ਸ਼ਹਿਰ ‘ਚ ਬਲੈਕ ਆਊਟ ਹੋਣ ਦੀ ਵਜ੍ਹਾ ਕਰਕੇ ਟ੍ਰੈਫਿਕ ਲਾਈਟਾਂ ਤੋਂ ਲੈ ਕੇ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਹਨੇਰੇ ‘ਚ ਡੁੱਬਿਆ ਰਹੀਆਂ। ਬਿਜਲੀ ਕਾਮੇ ਹੜਤਾਲ ਤੇ ਚਲੇ ਗਏ ਸਨ ਤੇ ਇੱਥੇ ਵੀ ਆਊਟਸੋਰਸ ਕਾਮਿਆਂ ਨੂੰ ਲਿਆਉਣ ਦੀ ਗੱਲ ਰੈਗੂਲਰ ਕਾਮਿਆਂ ਵੱਲੋਂ ਹਜ਼ਮ ਕਰਨੀ ਮੁਸ਼ਕਲ ਹੋਈ ਪਈ ਸੀ।
ਪੱਥਰਾਂ ਦੇ ਸ਼ਹਿਰ ਦਾ ਮਸਲਾ ਤਾਂ ਤਕਰੀਬਨ ਅੱਜ ਸ਼ਾਮ ਹੁੰਦੇ ਹੁੰਦੇ ਹੱਲ ਹੋ ਗਿਆ ਤੇ ਉਮੀਦ ਹੈ ਕਿ ਸਾਰੇ ਸ਼ਹਿਰ ‘ਚ ਬਿਜਲੀ ਮੁੜ ਬਹਾਲ ਹੋ ਜਾਵੇਗੀ। ਪਰ ਪੰਜਾਬ ਵਿੱਚ ਬਿਜਲੀ ਦੇ ਮੁੱਦੇ ਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਵਾਅਦੇ ਤੇ ਬਾਕੀ ਦਾਅਵਿਆਂ ਦੇ ਲਈ ਅਜੇ ਸੂਬੇ ਦੀ ਆਵਾਮ ਨੂੰ ਅਗਲੀ ਸਰਕਾਰ ਬਣਨ ਤੱਕ ਇੰਤਜ਼ਾਰ ਕਰਨਾ ਹੋਵੇਗਾ।