ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਉਤਸ਼ਾਹ ਵਧਿਆ ਹੈ ਉਥੇ ਹੀ ਪਾਰਟੀਆਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। 11 ਮਈ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਸੂਬੇ ‘ਚ ਨੇਤਾਵਾਂ ਦੀ ਬਿਆਨਬਾਜ਼ੀ ਦਾ ਦੌਰ ਜਾਰੀ ਹੈ। ਇਸ ਕੜੀ ‘ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਧਾਇਕ ਸੰਜੇ ਕੁਮਾਰ ਗੁਪਤਾ ਦੇ ਮਾਤਾ ਲਕਸ਼ਮੀ ਅਤੇ ਮਾਤਾ ਸਰਸਵਤੀ ਦੇ ਦਿਤੇ ਬਿਆਨ ਨੂੰ ਲੈ ਕੇ ਫਿਰ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲਕਸ਼ਮੀ ਅਤੇ ਸਰਸਵਤੀ ਜੀ ਸਾਈਕਲ ਦੇ ਡੰਡੇ ‘ਤੇ ਜਾਂ ਇਸ ਦੇ ਕੈਰੀਅਰ ‘ਤੇ ਬੈਠ ਕੇ ਨਹੀਂ ਆਉਣਗੇ , ਸਗੋਂ ਕਮਲ ਦੇ ਫੁੱਲ ‘ਤੇ ਬੈਠ ਕੇ ਆਉਣਗੇ ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸਾਬਕਾ ਵਿਧਾਇਕ ਗੁਪਤਾ ਆਪਣੇ ਨਾਰਾਜ਼ ਵਰਕਰਾਂ ਨੂੰ ਮਨਾਉਣ ਲਈ ਯੂਪੀ ਦੇ ਕੌਸ਼ਾਂਬੀ ਜ਼ਿਲੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਹ ਵਿਵਾਦਿਤ ਟਿਪਣੀ ਕੀਤੀ ਹੈ। ਸਾਰੀਆਂ ਪਾਰਟੀਆਂ ਦੇ ਆਗੂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਪੂਰੀ ਵਾਹ ਲਾ ਰਹੇ ਹਨ। ਲੋਕ ਸਭਾ ਚੋਣਾਂ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਵਿੱਚ ਕਲੇਸ਼ ਚੱਲ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਚੈਲ ਤੋਂ ਸਾਬਕਾ ਵਿਧਾਇਕ ਸੰਜੇ ਕੁਮਾਰ ਗੁਪਤਾ ਗੁੱਸੇ ਵਿੱਚ ਆਏ ਵਰਕਰਾਂ ਨੂੰ ਸ਼ਾਂਤ ਕਰਨ ਲਈ ਸਰਾਏ ਅਕਿਲ ਕਸਬੇ ਪਹੁੰਚੇ ਸਨ।
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਵਿਧਾਇਕ ਸੰਜੇ ਕੁਮਾਰ ਗੁਪਤਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕਾਰੋਬਾਰੀ ਹਾਂ, ਅਸੀਂ ਲਕਸ਼ਮੀ ਦੇ ਨਾਲ-ਨਾਲ ਸਰਸਵਤੀ ਦੀ ਵੀ ਪੂਜਾ ਕਰਦੇ ਹਾਂ। ਲਕਸ਼ਮੀ ਜੀ ਅਤੇ ਸਰਸਵਤੀ ਜੀ ਸਾਈਕਲ ਦੇ ਡੰਡੇ ਅਤੇ ਇਸ ਦੇ ਕੈਰੀਅਰ ‘ਤੇ ਬੈਠ ਕੇ ਨਹੀਂ ਆਉਣਗੇ । ਇਸ ਤੋਂ ਬਾਅਦ ਉਨ੍ਹਾਂ ਨਾਰਾਜ਼ ਵਰਕਰਾਂ ਨੂੰ ਕਮਲ ਦੇ ਚੋਣ ਨਿਸ਼ਾਨ ’ਤੇ ਵੋਟ ਪਾਉਣ ਦੀ ਅਪੀਲ ਕੀਤੀ। ਇਸ ਟਿਪਣੀ ਤੋਂ ਬਾਅਦ ਲੋਕ ਗੁੱਸੇ ‘ਚ ਨਜ਼ਰ ਆ ਰਹੇ ਹਨ।
ਦਸ ਦਈਏ ਕਿ ਯੂਪੀ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਪਹਿਲੇ ਪੜਾਅ ਲਈ 4 ਮਈ ਅਤੇ ਦੂਜੇ ਪੜਾਅ ਲਈ 11 ਮਈ ਨੂੰ ਵੋਟਿੰਗ ਹੋਵੇਗੀ। ਚੋਣਾਂ ਦਾ ਨਤੀਜਾ 13 ਮਈ ਨੂੰ ਐਲਾਨਿਆ ਜਾਵੇਗਾ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.