ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਅਗਲੇ ਦੋ ਦਿਨਾਂ ‘ਚ ਕੜਾਕੇ ਦੀ ਠੰਡ ਪੈ ਸਕਦੀ ਹੈ ਅਤੇ ਪੰਜਾਬ ਅਤੇ ਬਿਹਾਰ ‘ਚ ਅਗਲੇ 24 ਘੰਟੇ ਸਰਦੀਆਂ ਦੇ ਲਿਹਾਜ਼ ਨਾਲ ਭਾਰੀ ਪੈ ਸਕਦੇ ਹਨ। ਭਾਰਤੀ ਮੌਸਮ ਵਿਭਾਗ ਨੇ ਇਸ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਅਤੇ ਉੱਤਰ ਪ੍ਰਦੇਸ਼ ਵਿੱਚ ਅਗਲੇ ਦੋ ਦਿਨਾਂ ਦੌਰਾਨ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਟਵੀਟ ਕਰਕੇ ਦੱਸਿਆ ਕਿ ਯੂਪੀ ਦੇ ਵੱਖ-ਵੱਖ ਇਲਾਕਿਆਂ ਵਿੱਚ ਅਗਲੇ 2 ਦਿਨਾਂ ਵਿੱਚ ਸਰਦੀ ਹੋਰ ਵਧੇਗੀ। ਉਥੇ ਹੀ ਪੰਜਾਬ ਅਤੇ ਬਿਹਾਰ ‘ਚ ਅਗਲੇ 24 ਘੰਟਿਆਂ ‘ਚ ਠੰਡ ਵਧੇਗੀ ਅਤੇ ਉਸ ਤੋਂ ਬਾਅਦ ਘੱਟ ਜਾਵੇਗੀ। ਅਗਲੇ 3 ਦਿਨਾਂ ਤੱਕ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸਵੇਰ ਅਤੇ ਰਾਤ ਦੇ ਸਮੇਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਅਗਲੇ 2 ਦਿਨਾਂ ਤੱਕ ਇਹ ਸਥਿਤੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਬਿਹਾਰ, ਪੱਛਮੀ ਬੰਗਾਲ, ਆਸਾਮ, ਤ੍ਰਿਪੁਰਾ ਵਿੱਚ ਦੇਖਣ ਨੂੰ ਮਿਲੇਗੀ।
ਓਡੀਸ਼ਾ ‘ਚ 8 ਅਤੇ 9 ਫਰਵਰੀ ਨੂੰ ਧੁੰਦ ਅਤੇ ਠੰਡ ਦੀ ਸੰਭਾਵਨਾ ਹੈ। ਆਈਐਮਡੀ ਨੇ 9 ਫਰਵਰੀ ਨੂੰ ਪੰਜਾਬ, ਹਰਿਆਣਾ-ਚੰਡੀਗੜ੍ਹ-ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 09 ਅਤੇ 10 ਫਰਵਰੀ ਨੂੰ ਪੱਛਮੀ ਬੰਗਾਲ, ਸਿੱਕਮ, ਬਿਹਾਰ, ਝਾਰਖੰਡ ਅਤੇ ਉੱਤਰੀ ਉੜੀਸਾ ਵਿੱਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।