ਟੋਰਾਂਟੋ/ਨਿਊਯਾਰਕ- ਅਮਰੀਕਾ ਨਾਲ ਲੱਗਦੀ ਕੈਨੇਡੀਅਨ ਸਰਹੱਦ ‘ਤੇ ਠੰਢ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਿਲ ਹੈ। ਅਮਰੀਕੀ ਪੁਲਿਸ ਇਸ ਨੂੰ ਮਨੁੱਖੀ ਤਸਕਰੀ ਨਾਲ ਜੁੜਿਆ ਮਾਮਲਾ ਦੱਸ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਭਾਰਤ ਤੋਂ ਆਏ ਸਨ ਅਤੇ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਮੌਸਮ ਖ਼ਰਾਬ ਹੋਣ ਕਾਰਨ ਬਰਫ਼ੀਲੇ ਇਲਾਕੇ ਵਿੱਚ ਜਿਆਦਾ ਠੰਢ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਮੈਨੀਟੋਬਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ (ਆਰਸੀਐਮਪੀ) ਨੇ ਕਿਹਾ ਕਿ ਬੁੱਧਵਾਰ ਨੂੰ ਐਮਰਸਨ ਨੇੜੇ ਕੈਨੇਡਾ-ਅਮਰੀਕਾ ਸਰਹੱਦ ਦੇ ਕੈਨੇਡੀਅਨ ਵਾਲੇ ਪਾਸੇ ਤੋਂ ਚਾਰ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਲਾਸ਼ ਨਵਜੰਮੇ ਬੱਚੇ ਦੀ ਹੈ। ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਕਿਹਾ ਕਿ ਜੋ ਜਾਣਕਾਰੀ ਮੈਂ ਅੱਜ ਸਾਂਝੀ ਕਰਨ ਜਾ ਰਿਹਾ ਹਾਂ, ਉਹ ਬਹੁਤ ਸਾਰੇ ਲੋਕਾਂ ਲਈ ਸੁਣਨਾ ਮੁਸ਼ਕਿਲ ਹੈ। ਇਹ ਯਕੀਨੀ ਤੌਰ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ। ਜਾਂਚ ਦੇ ਸ਼ੁਰੂਆਤੀ ਦੌਰ ‘ਚ ਅਜਿਹਾ ਲੱਗਦਾ ਹੈ ਕਿ ਸਾਰਿਆਂ ਦੀ ਮੌਤ ਠੰਢ ਕਾਰਨ ਹੋਈ ਹੈ।
ਮੈਕਲੈਚੀ ਨੇ ਕਿਹਾ ਕਿ ਆਰਸੀਐਮਪੀ ਦਾ ਮੰਨਣਾ ਹੈ ਕਿ ਚਾਰੇ ਮ੍ਰਿਤਕ ਉਸ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਨੂੰ ਸਰਹੱਦ ਨੇੜੇ ਅਮਰੀਕੀ ਖੇਤਰ ਤੋਂ ਫੜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਚਾਰੇ ਲਾਸ਼ਾਂ ਸਰਹੱਦ ਤੋਂ 9 ਤੋਂ 12 ਮੀਟਰ ਦੀ ਦੂਰੀ ‘ਤੇ ਮਿਲੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਮੰਟੋਬਾ ਆਰਸੀਐਮਪੀ ਨੂੰ ਬੁੱਧਵਾਰ ਨੂੰ ਅਮਰੀਕੀ ਕਸਟਮ ਅਤੇ ਬਾਰਡਰ ਡਿਫੈਂਸ ਵਿਭਾਗ ਤੋਂ ਸੂਚਨਾ ਮਿਲੀ ਸੀ ਕਿ ਐਮਰਸਨ ਦੇ ਨੇੜੇ ਲੋਕਾਂ ਦਾ ਇੱਕ ਸਮੂਹ ਸਰਹੱਦ ਪਾਰ ਕਰ ਅਮਰੀਕਾ ਵਿੱਚ ਦਾਖਲ ਹੋਇਆ ਹੈ। ਅਤੇ ਇੱਕ ਵਿਅਕਤੀ ਦੇ ਹੱਥ ਵਿੱਚ ਬੱਚੇ ਦੇ ਵਰਤੋਂ ਦੀਆਂ ਚੀਜਾਂ ਸਨ, ਪਰ ਸਮੂਹ ਵਿੱਚ ਬੱਚਾ ਨਹੀਂ ਹੈ।
ਇਸ ਤੋਂ ਤੁਰੰਤ ਬਾਅਦ, ਸਰਹੱਦ ਦੇ ਦੋਵੇਂ ਪਾਸੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਦੁਪਹਿਰ ਨੂੰ ਇੱਕ ਵਿਆਕਤੀ, ਮਹਿਲਾ ਅਤੇ ਇੱਕ ਨਵਜੰਮੇ ਬੱਚੇ ਦੀਆਂ ਲਾਸ਼ਾਂ ਮਿਲੀਆਂ ਜਦੋਂ ਕਿ ਇੱਕ ਵਿਆਕਤੀ ਦੀ ਲਾਸ਼ ਥੋੜ੍ਹੀ ਦੇਰ ਬਾਅਦ ਮਿਲੀ। ਮਿਨਿਸੋਟਾ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਮਲੇ ਵਿੱਚ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਫਲੋਰੀਡਾ ਦੇ ਇੱਕ 47 ਸਾਲਾ ਵਿਅਕਤੀ ਸਟੀਵ ਸ਼ੈਂਡ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।