ਓਟਾਵਾ: ਕੈਨੇਡਾ ਵਿੱਚ ਜਿਨ੍ਹਾਂ ਨੇ ਹਾਲੇ ਤੱਕ ਕੋਵਿਡ-19 ਵੈਕਸੀਨੇਸ਼ਨ ਨਹੀਂ ਕਰਵਾਈ ਹੈ ਉਨ੍ਹਾਂ ਨੂੰ ਨਵੇਂ ਮਨਜ਼ੂਰ ਕੀਤੇ ਗਏ ਇਲਾਜ ਰਾਹੀਂ ਗੁਜ਼ਰਨਾ ਹੋਵੇਗਾ। ਇਸ ਸਬੰਧੀ ਜਾਣਕਾਰੀ ਕੈਨੇਡਾ ਦੀ ਉੱਘੀ ਡਾਕਟਰ ਥੈਰੇਸਾ ਟੈਮ ਨੇ ਦਿੱਤੀ, ਪਰ ਉਨ੍ਹਾਂ ਨੇ ਕਿਹਾ ਇਸ ਟਰੀਟਮੈਂਟ ਦੀ ਸਪਲਾਈ ਹਾਲੇ ਬਹੁਤ ਘੱਟ ਹੈ।
ਫਾਈਜ਼ਰ ਦੀ ਐਂਟੀਵਾਇਰਲ ਗੋਲੀ ਪੈਕਸਲੋਵਿਡ ਨੂੰ ਬੀਤੇ ਦਿਨੀਂ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਇਹ ਪਿੱਲ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਸਕੇਗੀ ਜਿਨ੍ਹਾਂ ਅੰਦਰ ਕੋਵਿਡ-19 ਦੇ ਮਾਮੂਲੀ ਜਾਂ ਦਰਮਿਆਨੇ ਲੱਛਣ ਪਾਏ ਜਾਣਗੇ, ਜਿਨ੍ਹਾਂ ਦੇ ਗੰਭੀਰ ਬਿਮਾਰ ਹੋਣ ਦਾ ਖਤਰਾ ਹੋਵੇਗਾ ਤੇ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਜਾਂ ਵਧੇਰੇ ਕੇਅਰ ਦੀ ਲੋੜ ਹੋਵੇਗੀ। ਜਿਹੜਾ ਪਹਿਲਾਂ ਤੋਂ ਹੀ ਹਸਪਤਾਲ ਵਿੱਚ ਭਰਤੀ ਹੈ ਅਜਿਹੇ ਮਰੀਜ਼ ਨੂੰ ਇਹ ਦਵਾਈ ਨਹੀਂ ਦਿੱਤੀ ਜਾ ਸਕਦੀ। ਇਹ ਦਵਾਈ ਲੱਛਣ ਨਜ਼ਰ ਆਉਣ ਦੇ ਪੰਜ ਦਿਨਾਂ ਦੇ ਅੰਦਰ ਅੰਦਰ ਦੇਣੀ ਹੋਵੇਗੀ।
ਫਾਈਜ਼ਰ ਦਾ ਇਹ ਦਾਅਵਾ ਹੈ ਕਿ ਇਸ ਦਵਾਈ ਦੇ ਟ੍ਰਾਇਲਜ਼ ਤੋਂ ਸਾਹਮਣੇ ਆਇਆ ਹੈ ਕਿ ਇਹ ਡਰੱਗ ਕਿਸੇ ਬਾਲਗ ਵਿਅਕਤੀ ਦੇ ਹਸਪਤਾਲ ਦਾਖਲ ਹੋਣ ਜਾਂ ਕਿਸੇ ਦੀ ਮੌਤ ਦੀ ਸੰਭਾਵਨਾ ਨੂੰ 89 ਫੀ ਸਦੀ ਘਟਾਉਂਦੀ ਹੈ, ਬਸ਼ਰਤੇ ਇਸ ਨੂੰ ਲੱਛਣ ਨਜ਼ਰ ਆਉਣ ਤੋਂ ਤੁਰੰਤ ਬਾਅਦ ਲਿਆ ਜਾਵੇ।