ਕਾਬੁਲ: ਅਫ਼ਗਾਨਿਸਤਾਨ ‘ਚ ਹੋਏ ਬੰਬ ਧਮਾਕੇ ‘ਚ 9 ਬੱਚਿਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਧਮਾਕਾ ਪਾਕਿਸਤਾਨ ਅਤੇ ਅਫਗਾਨਿਸਤਾਨ ਸਰਹੱਦ ‘ਤੇ ਹੋਇਆ। ਦੇਸ਼ ਵਿਚ ਸੱਤਾ ਵਿੱਚ ਕਾਬਜ਼ ਤਾਲਿਬਾਨ ਸਰਕਾਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਤਾਲਿਬਾਨ ਗਵਰਨਰ ਦਫ਼ਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਨੰਗਰਹਾਰ ਦੇ ਲਾਲੋਪੁਰ ਵਿਚ ਇੱਕ ਸਕੂਲ ਦੇ ਸਾਹਮਣੇ ਭੋਜਨ ਸਮੱਗਰੀ ਲੈ ਕੇ ਜਾ ਰਹੇ ਇੱਕ ਵਾਹਨ ਵਿਚ ਧਮਾਕਾ ਹੋਇਆ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਗੱਡੀ ਵਿਚ ਇੱਕ ਮੋਰਟਾਰ ਛੁਪਾਇਆ ਗਿਆ ਸੀ ਅਤੇ ਜਿਵੇਂ ਹੀ ਇਹ ਗੱਡੀ ਲਾਲੋਪੁਰ ਜ਼ਿਲ੍ਹੇ ਦੀ ਚੌਕੀ ਕੋਲ ਪਹੁੰਚੀ ਤਾਂ ਧਮਾਕਾ ਹੋ ਗਿਆ।
ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਧਮਾਕਾ ਨੰਗਰਹਾਰ ਸੂਬੇ ਦੇ ਲਾਲੋਪੁਰ ਇਲਾਕੇ ‘ਚ ਹੋਇਆ, ਜਿੱਥੇ ਪਾਕਿਸਤਾਨੀ ਚੈਕ ਪੋਸਟ ਅਤੇ ਕੰਡਿਆਲੀ ਤਾਰ ਹੈ। ਖਾਸ ਗੱਲ ਇਹ ਹੈ ਕਿ ਇਸ ਇਲਾਕੇ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਸਰਗਰਮ ਹੈ ਅਤੇ ਇਸ ਦੀ ਅਕਸਰ ਤਾਲਿਬਾਨ ਨਾਲ ਹਿੰਸਕ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਆਈਐਸ ਦੇ ਅੱਤਵਾਦੀ ਤਾਲਿਬਾਨ ਦੀਆਂ ਚੈਕ ਪੋਸਟਾਂ ‘ਤੇ ਵੀ ਹਮਲਾ ਕਰਦੇ ਹਨ।