ਚੰਡੀਗੜ੍ਹ: ਹਰਿਆਣਾ ਦੇ ਭਾਜਪਾ ਵਿਧਾਇਕ ਦੀ ਐੱਸਯੂਵੀ ਨੂੰ ਬੀਤੀ ਰਾਤ ਇੱਕ ਅਣਪਛਾਤੇ ਨੌਜਵਾਨ ਨੇ ਉਸ ਸਮੇਂ ਅੱਗ ਲਗਾ ਦਿੱਤੀ ਜਦੋਂ ਗੱਡੀ ਹਰਿਆਣਾ ਐੱਮਐੱਲਏ ਹੋਸਟਲ ਕੰਪਲੈਕਸ ਵਿੱਚ ਖੜ੍ਹੀ ਸੀ। ਬੀਤੀ ਰਾਤ ਵਾਪਰੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਵਿੱਚ ਇੱਕ ਨੌਜਵਾਨ ਪਾਣੀਪਤ ਦੇ ਵਿਧਾਇਕ ਪ੍ਰਮੋਦ ਕੁਮਾਰ ਵਿਜ ਦੀ ਟੋਇਟਾ ਫਾਰਚੂਨਰ ਦੀ ਵਿੰਡਸਕਰੀਨ ਤੋੜਦਾ ਅਤੇ ਬਾਅਦ ਵਿੱਚ ਗੱਡੀ ਨੂੰ ਅੱਗ ਲਗਾਉਂਦਾ ਦਿਖਾਈ ਦੇ ਰਿਹਾ ਹੈ।
ਜਾਣਕਾਰੀ ਮਿਲਦੇ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮੌਕੇ ‘ਤੇ ਪਹੁੰਚੀ ਥਾਣਾ ਸੈਕਟਰ-3 ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਦੋ ਤੋਂ ਤਿੰਨ ਵਿਅਕਤੀ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਹੋਸਟਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਮੋਦ ਵਿਜ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਅਤੇ ਨਾਂ ਹੀ ਪਤਾ ਹੈ ਕਿ ਗੱਡੀ ਨੂੰ ਅੱਗ ਕਿਉਂ ਲਗਾਈ ਗਈ।