ਸਰੀ: ਬ੍ਰਿਟਿਸ਼ ਕੋਲੰਬੀਆ ਵਿਖੇ ਕੋਵਿਡ-19 ਦੇ ਕੇਸਾਂ ‘ਚ ਇਕ ਵਾਰ ਫਿਰ ਉਛਾਲ ਆਇਆ ਹੈ ਅਤੇ ਬੀਤੇ ਦਿਨੀਂ 789 ਨਵੇਂ ਕੇਸ ਰਿਪੋਰਟ ਹੋਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਨਵੇਂ ਵੇਰੀਐਂਟ ਓਮੀਕਰੌਨ ਦੇ 302 ਕੇਸ ਦਰਜ ਹੋ ਚੁੱਕੇ ਹਨ।
ਬੀ.ਸੀ. ਦੀ ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਸੂਬੇ ਵਿਚ ਕੋਵਿਡ-19 ਸਬੰਧੀ ਤਾਜ਼ਾ ਅਪਡੇਟ ਦਿੰਦਿਆਂ ਦੱਸਿਆ ਹੈ ਕਿ ਸੂਬੇ ਵਿਚ ਕੋਵਿਡ-19 ਐਕਟਿਵ ਮਾਮਲਿਆਂ ਦੀ ਗਿਣਤੀ 4,313 ਤੱਕ ਪਹੁੰਚ ਗਈ ਹੈ। ਇਸ ਸਮੇਂ 191 ਪੀੜਤ ਲੋਕ ਹਸਪਤਾਲਾਂ ‘ਚ ਦਾਖਲ ਹਨ, ਜਿਨ੍ਹਾਂ ਵਿੱਚੋਂ 74 ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ।
ਨਵੇਂ ਵੇਰੀਐਂਟ ਓਮੀਕਰੌਨ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਕਾਰਨ ਨਵੇਂ ਜਨਤਕ ਸਿਹਤ ਆਦੇਸ਼ ਜਾਰੀ ਕੀਤੇ ਗਏ ਹਨ ਜੋ ਸੋਮਵਾਰ ਤੋਂ ਲਾਗੂ ਹੋਣਗੇ। ਡਾ. ਬੋਨੀ ਹੈਨਰੀ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ 19 ਦਸੰਬਰ ਦੀ ਅੱਧੀ ਰਾਤ ਤੋਂ, ਅੰਦਰੂਨੀ ਨਿੱਜੀ ਇਕੱਠਾਂ ਵਿਚ ਇਕ ਪਰਿਵਾਰ ਅਤੇ 10 ਹੋਰ ਲੋਕ ਜਾਂ ਇੱਕ ਹੋਰ ਪਰਿਵਾਰ ਤੱਕ ਸੀਮਿਤ ਰਹਿਣਗੇ। ਇਹਨਾਂ ਸਮਾਜਿਕ ਇਕੱਠਾਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਪੂਰੀ ਤਰ੍ਹਾਂ ਵੈਕਸੀਨੇਨ ਹੋਣਾ ਜ਼ਰੂਰੀ ਹੋਵੇਗਾ।
ਇਸ ਤੋਂ ਇਲਾਵਾ ਹੁਣ ਸੂਬੇ ਵਿਚ 1,000 ਤੋਂ ਵੱਧ ਲੋਕਾਂ ਵਾਲੇ ਵੱਡੇ ਸਮਾਗਮਾਂ ਨੂੰ 50 ਫ਼ੀਸਦੀ ਦੀ ਸਮਰੱਥਾ ਤੱਕ ਸੀਮਤ ਕਰ ਦਿੱਤਾ ਹੈ। ਹੁਣ ਛੋਟੇ ਅੰਦਰੂਨੀ ਇਕੱਠਾਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਵੈਕਸੀਨ ਕਾਰਡ ਦਿਖਾਉਣਾ ਲਾਜ਼ਮੀ ਹੋਵੇਗਾ ਜਦੋਂ ਕਿ ਪਹਿਲਾਂ ਸਿਰਫ 50 ਤੋਂ ਵੱਧ ਲੋਕਾਂ ਵਾਲੇ ਸਮਾਗਮਾਂ ਲਈ ਹਾਜ਼ਰੀਨ ਨੂੰ ਟੀਕਾਕਰਨ ਦੇ ਸਬੂਤ ਦਿਖਾਉਣ ਦੀ ਲੋੜ ਹੁੰਦੀ ਸੀ।