ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵਿਚ ਇਕ
ਡਿਪਟੀ ਸੀ. ਐਮ.ਬਸਪਾ ਤੋਂ ਹੋਵੇਗਾ : ਸੁਖਬੀਰ ਬਾਦਲ
ਭੁਲੱਥ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵਿਚ ਇਕ ਡਿਪਟੀ ਸੀ ਐਮ ਬਹੁਜਨ ਸਮਾਜ ਪਾਰਟੀ ਤੋਂ ਬਣਾਇਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੰਗਾ ਤੋਂ ਪਾਰਟੀ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਭੁੱਲਥ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ ਵਿਚ ਚੋਣ ਰੈਲੀਆਂ ਨੁੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਦਹਾਕਿਆਂ ਤੋਂ ਮੁਸ਼ਕਿਲਾਂ ਝੱਲਣ ਦੇ ਬਾਵਜੂਦ ਮਿਹਨਤ ਕਰ ਰਹੇ ਬਸਪਾ ਦੇ ਕੇਡਰ ਲਈ ਸਹੀ ਨਿਯੁਕਤੀ ਹੋਵੇਗਾ। ਬਸਪਾ ਦਾ ਸਮਰਪਿਤ ਕੇਡਰ ਇਸਦੀ ਤਾਕਤ ਹੈ ਤੇ ਬਸਪਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣਾ ਗਠਜੋੜ ਲਈ ਮਾਣ ਵਾਲੀ ਗੱਲ ਹੋਵੇਗੀ।
ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਹੋਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਅਨੁਸੂਚਿਤ ਜਾਤੀ ਦੇ ਵਿਧਾਇਕ ਨੁੰ ਦਿੱਤਾ ਜਾਵੇਗਾ। ਹੁਣ ਇਸ ਐਲਾਨ ਨਾਲ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸੱਤਾ ਵਿਚ ਆਉਣ ’ਤੇ ਦੋ ਉਪ ਮੁੱਖ ਮੰਤਰੀ ਹੋਣਗੇ ਜਿਹਨਾਂ ਵਿਚੋਂ ਇਕ ਅਨੁਸੂਚਿਤ ਜਾਤੀ ਭਾਈਚਾਰੇ ਵਿਚੋਂ ਅਤੇ ਦੂਜਾ ਹਿੰਦੂ ਭਾਈਚਾਰੇ ਵਿਚੋਂ ਹੋਵੇਗਾ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਉਹਨਾਂ ਦੇ ਵਜ਼ਾਰਤੀ ਸਾਥੀ ਰਾਣਾ ਗੁਰਜੀਤ ਸਿੰਘ ਵੱਲੋਂ ਲਗਾਏ ਗਏ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਅਸੀਂ ਇਸ ਸਰਕਾਰ ਤੋਂ ਆਪਣੇ ਸੂਬੇ ਅਤੇ ਸਰਹੱਦ ਦੀ ਰਾਖੀ ਦੀ ਆਸ ਕਿਵੇਂ ਕਰ ਸਕਦੇ ਹਾਂ ਜਦੋਂ ਗ੍ਰਹਿ ਮੰਤਰੀ ਹੀ ਫੀਲਡ ਅਫਸਰਾਂ ਭਾਵੇਂ ਉਹ ਐਸ ਐਸ ਪੀ ਹੋਵੇ, ਐਸ ਪੀ ਜਾਂ ਫਿਰ ਡੀ ਐਸ ਪੀ ਹੋਵੇ, ਦੀ ਪੋਸਟਿੰਗ ਵਾਸਤੇ ਸ਼ਰ੍ਹੇਆਮ ਪੈਸੇ ਲੈ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਨਾ ਸਿਰਫ ਇਸ ਰਿਸ਼ਵਤਖੋਰੀ ਘੁਟਾਲੇ ਦੀ ਜਾਂਚ ਕਰਾਵਾਂਗੇ ਬਲਕਿ ਕਾਂਗਰਸੀਆਂ ਦੇ ਹੋਰ ਭ੍ਰਿਸ਼ਟ ਕਾਰਿਆਂ ਦੀ ਵੀ ਜਾਂਚ ਕਰਾਵਾਂਗੇ ਜਿਸ ਵਿਚ ਸੂਬੇ ਦੇ ਸਰੋਤਾਂ ਦੀ ਰੇਤ ਤੇ ਸ਼ਰਾਬ ਮਾਫੀਆ ਨਾਲ ਰਲ ਕੇ ਕੀਤੀ ਲੁੱਟ ਵੀ ਸ਼ਾਮਲ ਹੈ।
ਸੁਖਬੀਰ ਬਾਦਲ ਨੇ ਕੱਲ੍ਹ ਮਾਨਸਾ ਵਿਚ ਉਪ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਵਿਚ ਤਾਇਨਾਤ ਡੀ ਐਸ ਪੀ ਵੱਲੋਂ ਬੇਰੋਜ਼ਗਾਰ ਅਧਿਆਪਕਾਂ ’ਤੇ ਅੰਨਾ ਤਸ਼ੱਦਦ ਢਾਹੁਣ ਦਾ ਨਿਖੇਧੀ ਵੀ ਕੀਤੀ। ਉਹਨਾਂ ਕਿਹਾ ਕਿ ਜਿਸ ਤਰੀਕੇ ਬੇਰੋਜ਼ਾਗਰ ਅਧਿਆਪਕਾਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਉਹਨਾਂ ਦੀਆਂ ਚਿੰਤਾਵਾਂ ਹੱਲ ਹੀ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਉਹ ਸਿਰਫ ਫੋਕੇ ਐਲਾਨ ਕਰ ਰਹੇ ਹਨ ਅਤੇ ਐਲਾਨਾਂ ਨੁੰ ਅਮਲੀ ਜਾਮਾ ਨਹੀਂ ਪਹਿਨਾ ਰਹੇ।
ਉਹਨਾਂ ਕਿਹਾ ਕਿ ਹੁਣ ਜਦੋਂ ਉਹ ਬੇਨਕਾਬ ਹੋ ਗਏ ਹਨ ਤਾਂ ਫਿਰ ਨਮੋਸ਼ ਹੋ ਕੇ ਪੀੜ੍ਹਤ ਲੋਕਾਂ ’ਤੇ ਹੱਲਾ ਬੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸੂਬਾ ਚਲਾਉਣ ਦਾ ਕੋਈ ਤਰੀਕਾ ਨਹੀਂ ਹੈ। ਸਰਦਾਰ ਬਾਦਲ ਨੇ ਮੁਲਾਜ਼ਮ ਦੇ ਸਾਰੇ ਵਰਗਾਂ ਨੁੰ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਗੰਨਾ ਉਤਪਾਦਕਾਂ ਨਾਲ ਵਾਅਦੇ ਕਰ ਕੇ ਵੀ ਉਹਨਾਂ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੰਨਾ ਉਤਪਾਦਕਾਂ ਦੇ ਬਕਾਏ ਹੁਣ ਤੱਕ ਨਹੀਂ ਦਿੱਤੇ ਗਏ ਤੇ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਐਲਾਨਿਆ ਗੰਨੇ ਦਾ ਭਾਅ ਮਿਲਣ ਬਾਰੇ ਬੇਯਕੀਨੀ ਬਣੀ ਹੋਈ ਹੈ।
ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਵਾਅਦੇ ਦਿੱਲੀ ਵਿਚ ਲਾਗੂ ਨਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਦਿੱਲੀ ਵਿਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਵਾਸਤੇ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਉਹਨਾਂ ਨੁੰ ਕਾਮਯਾਬੀ ਨਹੀਂ ਮਿਲ ਰਹੀ।
ਅਕਾਲੀ ਦਲ ਦੇ ਪ੍ਰਧਾਨ ਨੇ ਗੁਰਦੁਆਰਾ ਸ੍ਰੀ ਨੱਭ ਕੰਵਰ ਰਾਜ ਸਾਹਿਬ ਪਿੰਡ ਮਾਜਰਾ ਨੌ ਆਬਾਦ, ਬੰਗਾ ਵਿਖੇ ਮੱਥਾ ਵੀ ਟੇਕਿਆ ਤੇ ਫਿਰ ਬਾਅਦ ਵਿਚ ਭੁਲੱਥ ਵਿਚ ਰੋਡ ਸ਼ੋਅ ਵੀ ਕੀਤਾ। ਉਹਨਾਂ ਦੇ ਨਾਲ ਬਸਪਾ ਆਗੂ ਡਾ. ਨਛੱਤਰ ਪਾਲ, ਜਰਨੈਲ ਸਿੰਘ ਵਾਹਦ, ਯੁਵਰਾਜ ਸਿੰਘ ਤੇ ਡੀ ਪੀ ਆਈ ਆਗੂ ਪਰਸ਼ੋਤਮ ਚੱਢਾ ਵੀ ਸਨ।