ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ

TeamGlobalPunjab
3 Min Read

ਵੈਨਕੂਵਰ: ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ’ਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾ ਰਿਹਾ ਹੈ। ਸੂਬੇ ਦੇ ਕੁਝ ਹਿੱਸਿਆਂ ਵਿੱਚ ਸਿਰਫ਼ ਦੋ ਦਿਨਾਂ ਵਿੱਚ 252 ਮਿਲੀਮੀਟਰ ਤੱਕ ਬਾਰਿਸ਼ ਹੋਈ ਹੈ, ਅਤੇ ਜ਼ਿਆਦਾਤਰ ਦੱਖਣੀ ਬੀ.ਸੀ. ਵਿੱਚ ਮੀਂਹ, ਬਰਫ਼ਬਾਰੀ, ਸਰਦੀ ਤੂਫ਼ਾਨ ਅਤੇ ਹਵਾ ਦੀਆਂ ਚੇਤਾਵਨੀਆਂ ਲਾਗੂ ਹਨ। ਐਨਵਾਇਰਮੈਂਟ ਕੈਨੇਡਾ ਕੁਝ ਖੇਤਰਾਂ ਵਿੱਚ ਸੋਮਵਾਰ ਸ਼ਾਮ ਨੂੰ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕਰ ਰਿਹਾ ਹੈ।

ਪਾਣੀ ਦੇ ਵਹਿਣ ਅਤੇ ਢਿੱਗਾਂ ਡਿੱਗਣ ਕਾਰਨ ਪੱਛਮੀ ਖੇਤਰ ਦੇ ਸੜਕੀ ਸੰਪਰਕ ਦੇਸ਼ ਨਾਲੋਂ ਟੁੱਟ ਗਿਆ ਹੈ। ਸੜਕਾਂ ’ਤੇ ਫਸੇ 250-300 ਵਾਹਨਾਂ ਵਿਚਲੇ ਲੋਕਾਂ ਨੂੰ ਹੈਲੀਕੌਪਟਰਾਂ ਨਾਲ ਟਿਕਾਣਿਆਂ ’ਤੇ ਪਹੁੰਚਾਇਆ ਜਾ ਰਿਹਾ ਹੈ। ਬਿਜਲੀ ਬੰਦ ਹੋਣ ਕਾਰਨ ਇਕ ਲੱਖ ਤੋਂ ਵੱਧ ਘਰ ਹਨੇਰੇ ਅਤੇ ਠੰਢ ਦੀ ਮਾਰ ਝਲ ਰਹੇ ਹਨ। ਸੂਬੇ ਵਿੱਚ ਸਕੂਲ ਬੰਦ ਕਰ ਦਿੱਤੇ ਹਨ।

ਨੀਵੇਂ ਇਲਾਕਿਆਂ ਵਾਲੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਬਾਰੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਕੇਂਦਰੀ ਸਰਕਾਰ ਦੇ ਹੰਗਾਮੀ ਮੌਕਾ ਸੰਭਾਲ ਮੰਤਰਾਲੇ ਨੇ ਸੂਬੇ ਨਾਲ ਤਾਲਮੇਲ ਬਣਾਇਆ ਹੋਇਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਮੰਤਰੀ ਬਿਲ ਬਲੇਅਰ ਨੂੰ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਤਿੰਨ ਦਿਨ ਪਹਿਲਾਂ ਸ਼ੁਰੂ ਹੋਈ ਬਾਰਸ਼ ਦੇ ਤੇਜ਼ ਹੋਣ ਅਤੇ 90 ਕਿਲੋਮੀਟਰ ਦੀ ਰਫਤਾਰ ਨਾਲ ਹਨੇਰੀ ਚੱਲਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਿਸਟਮ ਫੇਲ੍ਹ ਹੋ ਗਿਆ ਹੈ। ਇਸ ਕਾਰਨ ਕੁਝ ਖੇਤਰਾਂ ਦੀ ਸੰਚਾਰ ਪ੍ਰਣਾਲੀ ਵੀ ਪ੍ਰਭਾਵਿਤ ਹੋਈ।

ਕੋਕਾਹਾਲਾ ਹਾਈਵੇਅ ਤਾਂ ਐਤਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ  ਗੋਲਡਨ ਅਤੇ ਰੈਵਲਸਟੋਕ ਵਿਚਾਲੇ ਕਈ ਥਾਵਾਂ ’ਤੇ ਢਿੱਗਾਂ ਡਿਗਣ ਕਾਰਨ ਸੜਕ ਦੋਹੇ ਪਾਸਿਓਂ ਬੰਦ ਹੋ ਗਈ, ਜਿਸ ਕਾਰਨ ਕਰੀਬ ਢਾਈ ਤਿੰਨ ਸੌ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਲਈ ਹੈਲੀਕੌਪਟਰ ਲਾਏ ਗਏ ਹਨ। ਦੱਸਿਆ ਗਿਆ ਹੈ ਕਿ ਹੈਲੀਕੌਪਟਰ ਦੇਰ ਰਾਤ ਤੱਕ ਸਾਰੇ ਮੁਸਾਫਰਾਂ ਨੂੰ ਕੱਢ ਲੈਣ ਤੱਕ ਕੰਮ ਕਰਦੇ ਰਹਿਣਗੇ। ਫਰੇਜ਼ਰ ਵੈਲੀ ਵਿਚਲੀਆਂ ਕਈ ਨੀਵੀਆਂ ਸੜਕਾਂ ਉੱਤੇ ਪਾਣੀ ਦੇ ਵਹਾਅ ਕਾਰਨ ਆਵਾਜਾਈ ਲਈ ਬੰਦ ਕਰ ਦਿੱਤੀਆਂ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਹੋਪ ਸ਼ਹਿਰ ਦਾ ਖੇਤੀ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ। ਹੋਪ ਤੋਂ ਐਬਟਸਫੋਰਡ ਤੱਕ ਹਾਈਵੇਅ ਇਕ ਨੂੰ ਬੰਦ ਕਰ ਦਿੱਤਾ ਹੈ। ਮੋਸਮ ਵਿਭਾਗ ਨੇ ਅਗਲੇ ਦੋ ਦਿਨ ਤੇਜ਼ ਹਵਾਵਾਂ ਚੱਲਣ, ਪਰ ਬਾਰਸ਼ ਘਟਣ ਦੀ ਸੂਚਨਾ ਜਾਰੀ ਕੀਤੀ ਹੈ।

Share This Article
Leave a Comment