ਚੰਡੀਗੜ੍ਹ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ. ਜਰਨੈਲ ਸਿੰਘ ਹੁੰਦਲ ਬੀਤੇ ਦਿਨੀਂ ਸਵਰਗਵਾਸ ਹੋ ਗਏ। ਡਾ. ਹੁੰਦਲ ਕੈਲੇਫੋਰਨੀਆਂ ਅਮਰੀਕਾ ਵਿੱਚ ਰਹਿ ਰਹੇ ਸਨ। ਇੱਕ ਵਿਗਿਆਨੀ ਵਜੋਂ ਉਹ 1965 ਵਿੱਚ ਖੇਤੀਬਾੜੀ ਯੂਨਵਰਸਿਟੀ ਦਾ ਹਿੱਸਾ ਬਣੇ ਅਤੇ 2001 ਵਿੱਚ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਰਹੇ। ਮਿਰਚਾਂ ਦੇ ਕਿਸਮ ਸੁਧਾਰਕ ਵਜੋਂ ਜਾਣੇ ਜਾਣ ਵਾਲੇ ਡਾ. ਹੁੰਦਲ ਆਪਣੇ ਕੁਸ਼ਲ ਪ੍ਰਸ਼ਾਸਕੀ ਗੁਣਾਂ ਕਾਰਨ ਵੀ ਪ੍ਰਸਿੱਧ ਰਹੇ ਹਨ।
ਉਹਨਾਂ ਨੇ ਸਬਜ਼ੀਆਂ ਦੀਆਂ 12 ਕਿਸਮਾਂ ਦੇ ਵਿਕਾਸ ਦੀ ਅਗਵਾਈ ਕੀਤੀ ਜਿਨਾਂ ਵਿੱਚ ਮਿਰਚਾਂ ਦੀਆਂ ਪੰਜ ਕਿਸਮਾਂ ਪੰਜਾਬ ਲਾਲ, ਪੰਜਾਬ ਗੁੱਛੇਦਾਰ, ਪੰਜਾਬ ਸੁਰਖ, ਸੀ ਐੱਚ-1 ਅਤੇ ਸੀ ਐੱਚ-3 ਮੁੱਖ ਹਨ। ਬੈਂਗਣਾਂ ਦੀਆਂ ਚਾਰ ਕਿਸਮਾਂ ਪੰਜਾਬ ਚਮਕੀਲਾ, ਪੰਜਾਬ ਬਹਾਰ, ਜਾਮਣੀ ਗੋਲਾ ਅਤੇ ਪੀ-4 ਤੋਂ ਇਲਾਵਾ ਸ਼ਿਮਲਾ ਮਿਰਚ ਦੀ ਕਿਸਮ ਪੰਜਾਬ 27, ਮੂਲੀ ਦੀ ਕਿਸਮ ਪੰਜਾਬ ਅਗੇਤੀ ਅਤੇ ਤੋਰੀ ਦੀ ਕਿਸਮ ਪੰਜਾਬ ਸਦਾਬਹਾਰ ਦੇ ਵਿਕਾਸ ਵਿੱਚ ਵੀ ਡਾ. ਹੁੰਦਲ ਦਾ ਯੋਗਦਾਨ ਰਿਹਾ। ਮੁੱਖ ਤੌਰ ‘ਤੇ ਉਹਨਾਂ ਨੇ ਮਿਰਚਾਂ ਦੀਆਂ ਹਾਈਬਿ੍ਰਡ ਸੀ ਐੱਚ-1 ਅਤੇ ਸੀ ਐੱਚ-3 ਨੂੰ ਵਿਕਸਿ ਕਰਕੇ ਨਾ ਸਿਰਫ ਪੰਜਾਬ ਬਲਕਿ ਨੇੜਲੇ ਸੂਬਿਆਂ ਦੇ ਕਿਸਾਨਾਂ ਲਈ ਵੀ ਮਿਰਚਾਂ ਦੀ ਕਾਸ਼ਤ ਅਤੇ ਬੀਜ ਉਤਪਾਦਨ ਦੇ ਖੇਤਰ ਵਿੱਚ ਕਰਾਂਤੀ ਲਿਆਉਣ ਵਰਗਾ ਕੰਮ ਕੀਤਾ। ਉਹਨਾਂ ਦੇ ਯੋਗਦਾਨ ਲਈ ਡਾ. ਹੁੰਦਲ ਨੂੰ ਡਾ. ਗੁਰਦੇਵ ਸਿੰਘ ਖੁਸ਼ ਪ੍ਰੋਫੈਸਰ ਐਵਾਰਡ, ਪੰਜਾਬ ਸਰਕਾਰ ਪ੍ਰਮਾਣ ਪੱਤਰ ਅਤੇ ਪੀ.ਏ.ਯੂ. ਗੋਲਡ ਮੈਡਲ ਨਾਲ ਸਨਮਾਨਿਆ ਗਿਆ ਸੀ । ਡਾ. ਹੁੰਦਲ ਦੇ ਪਰਿਵਾਰ ਵਿੱਚ ਉਹਨਾਂ ਦੀ ਧਰਮਪਤਨੀ ਅਤੇ ਦੋ ਬੇਟੀਆਂ ਅਮਰੀਕਾ ਵਿੱਚ ਰਹਿ ਰਹੇ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਮੁੱਖ ਵਿੱਤ ਸਕੱਤਰ ਵਿਕਾਸ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਡਾ. ਹੁੰਦਲ ਦੀ ਮੌਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ।