ਨਿਯਮ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਰੰਧਾਵਾ ਨੇ ਜਵਾਈ ਨੂੰ ਦਿੱਤੀ ਲੱਖਾਂ ਰੁਪਏ ਦੀ ਨੌਕਰੀ : ਰਾਘਵ ਚੱਢਾ
ਗੁਰਦਾਸਪੁਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੀ ਹੈ, ਪਰ ਸੱਤਾਧਾਰੀ ਕਾਂਗਰਸ ਅਤੇ ਉਸਦੇ ਆਗੂ ਇਹ ਦੱਸਣ ਕਿ ਉਨਾਂ ਦੇ ਧੀਆਂ, ਪੁੱਤਾਂ, ਭਤੀਜਿਆਂ ਅਤੇ ਜਵਾਈਆਂ ਨੂੰ ਲੱਖਾਂ ਰੁਪਇਆ ਦੀ ਨੌਕਰੀਆਂ ਦੇਣ ਸਮੇਂ ਖਜ਼ਾਨਾਂ ਕਿਵੇਂ ਭਰ ਜਾਂਦਾ ਹੈ? ਮਾਨ ਨੇ ਕਿਹਾ ਕਿ ਦੂਜਾ ਵੱਡਾ ਸਵਾਲ ਇਹ ਹੈ ਕਿ ਪੰਜਾਬ ਵਿੱਚ ਕੋਈ ਨਵਾਂ ਹਸਪਤਾਲ ਬਣਾਇਆ ਹੈ, ਕੋਈ ਨਵਾਂ ਸਕੂਲ ਤੇ ਕਾਲਜ ਖੋਲਿਆ ਹੈ ਜਾਂ ਯੂਨੀਵਰਸਿਟੀ ਬਣਾਈ ਹੈ। ਜੇ ਇੱਕ ਵੀ ਨਵਾਂ ਇਨਫ਼ਰਾਸਟੱਕਚਰ ਨਹੀਂ ਬਣਾਇਆ ਤਾਂ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ?
ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ- ਇੰਚਾਰਜ ਮੰਗਲਵਾਰ ਨੂੰ ਗੁਰਦਾਸਪੁਰ ਵਿੱਚ ਪਾਰਟੀ ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਭਗਵੰਤ ਮਾਨ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਦੇ ਜਵਾਈ ਨੂੰ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਬਣਾਏ ਜਾਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਆਮ ਘਰਾਂ ਦੇ ਬੇਰੁਜ਼ਗਾਰ ਧੀਆਂ, ਪੁੱਤ ਸੱਤਾਧਾਰੀ ਕਾਂਗਰਸ ਦੇ ਏਜੰਡੇ ਉਤੇ ਹੈ ਹੀ ਨਹੀਂ। ਪਰ ਜਦੋਂ ਆਗੂਆਂ ਨੂੰ ਖ਼ੁਦ ਮੌਕਾ ਮਿਲਦਾ ਹੈ ਤਾਂ ਉਹ ਵਗਦੀ ਗੰਗਾਂ ਵਿੱਚ ਤੁਰੰਤ ਹੱਥ ਧੋ ਲੈਂਦੇ ਹਨ। ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ, ਬੇਅੰਤ ਸਿੰਘ ਦਾ ਪਰਿਵਾਰ, ਗੁਰਪ੍ਰੀਤ ਸਿੰਘ ਕਾਂਗੜ, ਫ਼ਤਿਹਜੰਗ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ ਦੇ ਪੁੱਤ, ਭਤੀਜੇ ਅਤੇ ਜਵਾਈ ਇਸ ਦੀ ਤਾਜ਼ਾ ਮਿਸਾਲ ਹਨ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਹਰੇਕ ਛੋਟੀ-ਵੱਡੀ ਚੀਜ਼ ‘ਤੇ ਟੈਕਸ ਅਦਾ ਕਰਦਾ ਹੈ ਤਾਂ ਖ਼ਜ਼ਾਨਾ ਖਾਲੀ ਕੌਣ ਕਰ ਗਿਆ। ਉਨਾਂ ਕਿਹਾ ਕਿ ਪੰਜਾਬ ਦੇ ਖਜ਼ਾਨੇ ‘ਤੇ ਡਾਕਾ ਮਾਰਨ ਵਾਲੇ ਸੱਤਾਧਾਰੀ ਸਰਕਾਰਾਂ ਦੇ ਉਹ ਆਗੂ ਹਨ, ਜਿਨਾਂ ਲੋਕਾਂ ਦੇ ਟੈਕਸ ਤੋਂ ਅਲੀਸ਼ਾਨ ਥਾਵਾਂ ‘ਤੇ ਆਪੋ- ਆਪਣੇ ਮਹੱਲ ਬਣਾਏ ਹਨ। ਉਨਾਂ ਕਿਹਾ ਕਿ ਜਿਸ ਰਾਜ ਦਾ ਰਾਜਾ ਵਪਾਰੀ ਹੋਵੇਗਾ, ਉਥੇ ਦੀ ਜਨਤਾ ਖ਼ੁਦ ਭਿਖਾਰੀ ਹੋ ਜਾਵੇਗੀ ਅਤੇ ਇਹੀ ਅੱਜ ਦੇ ਪੰਜਾਬ ਦੀ ਸੱਚਾਈ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਕੇਵਲ ਇੰਜਣ ਬਦਲਿਆ ਹੈ, ਪਰ ਗੱਡੀ ਦੇ ਸਾਰੇ ਡੱਬੇ ਉਹੀ ਪੁਰਾਣੇ ਹਨ। ਜਿਹੜੇ ਮਾਫ਼ੀਆ ਰਾਜ ਵਿੱਚ ਹਿੱਸੇਦਾਰ ਹਨ। ਉਨਾਂ ਕਿਹਾ ਕਿ ਲੋਕ ਸਰਕਾਰਾਂ ਆਪਣੇ ਆਪ ਨੂੰ ਲੁਟਾਉਣ ਲਈ ਨਹੀਂ, ਸਗੋਂ ਆਪਣੇ ਵਿਕਾਸ ਲਈ ਬਣਾਉਂਦੇ ਹਨ। ਨਤੀਜਣ ਅੱਜ ਦੇ ਪੰਜਾਬ ਨੂੰ ਇਮਾਨਦਾਰ ਅਤੇ ਚੰਗੀ ਸਰਕਾਰ ਦੀ ਜ਼ਰੂਰਤ ਹੈ, ਜਿਹੜੀ ਹਰ ਵਰਗ ਦਾ ਨਿਰਪੱਖਤਾ ਨਾਲ ਵਿਕਾਸ ਕਰੇ। ਉਨਾਂ ਗੁਰਦਾਸਪੁਰ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਕੋਲ ਚੰਗਾ ਮੌਕਾ ਹੈ ਅਤੇ ਉਹ ਆਮ ਆਦਮੀ ਪਾਰਟੀ ਨੂੰ ਜਿੱਤਾ ਕੇ ਆਪਣਾ ਭਵਿੱਖ ਸ਼ਾਨਦਾਰ ਬਣਾਉਣ। ਮਾਨ ਨੇ ਕਿਹਾ ਕਿ ਮਾਝਾ- ਮਾਲਵਾ ਨੇ ਵੱਖ- ਵੱਖ ਸਮਿਆਂ ‘ਤੇ ਕਾਫ਼ੀ ਸੰਘਰਸ਼ ਕੀਤਾ ਹੈ ਤਾਂ ਇਸ ਵਾਰ ਧੋਖ਼ੇਬਾਜ਼ ਰਾਜਨੀਤਿਕ ਪਾਰਟੀਆਂ ਨੂੰ ਦੂਰ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਜਿੱਤਾ ਕੇ ਪੰਜਾਬ ਨੂੰ ਇੱਕ ਵਾਰ ਫਿਰ ਪੰਜਾਬ ਬਣਾਈਏ।
‘ਆਪ’ ਦੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਵਧੀਕ ਐਡਵੋਕੇਟ ਜਨਰਲ ਦੀ ਨੌਕਰੀ ਦਿੱਤੀ ਹੈ, ਜਿਸ ਨੂੰ ਸਾਲਾਨਾ 15 ਲੱਖ ਰੁਪਏ ਤਨਖ਼ਾਹ ਮਿਲੇਗੀ। ਪਰ ਪੰਜਾਬ ਦੇ ਆਮ ਘਰਾਂ ਦੇ ਧੀਆਂ- ਪੁੱਤਾਂ ਲਈ ਕੋਈ ਨੌਕਰੀ ਨਹੀਂ ਹੈ। ਉਨਾਂ ਕਿਹਾ ਕਿ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਨਿਯੁਕਤੀ ਲਈ ਬਤੌਰ ਵਕੀਲ ਘੱਟ ਤੋਂ ਘੱਟ 16 ਸਾਲ ਦਾ ਤਜ਼ਰਬਾ ਹੋਣਾ ਜ਼ਰੂਰੀ ਹੈ। ਪਰ ਉਪ ਮੁੱਖ ਮੰਤਰੀ ਰੰਧਾਵਾ ਦੇ ਜਵਾਈ ਦਾ ਤਜ਼ਰਬਾ ਕੇਵਲ 12- 13 ਸਾਲਾਂ ਦਾ ਹੈ। ਇਸ ਲਈ ਮੁੱਖ ਮੰਤਰੀ ਚੰਨੀ ਉਪ ਮੁੱਖ ਮੰਤਰੀ ਰੰਧਾਵਾ ਦੇ ਜਵਾਈ ਨੂੰ ਕਾਨੂੰਨੀ ਤੌਰ ‘ਤੇ ਨੌਕਰੀ ਨਹੀਂ ਦੇ ਸਕਦੇ। ਬਾਵਜੂਦ ਇਸ ਦੇ ਰੰਧਾਵਾ ਦੇ ਜਵਾਈ ਨੂੰ ਤੋਹਫ਼ਾ ਦੇਣਾ ਪੰਜਾਬ ਦੇ ਲੋਕਾਂ ਦੇ ਜ਼ਖ਼ਮਾਂ ‘ਤੇ ਲੂੱਟ ਛਿੜਕਣ ਸਮਾਨ ਹੈ।
ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇਸ ਵਾਰ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦਾ ਸੁਨਿਹਰੀ ਮੌਕਾ ਹੈ। ਉਨਾਂ ਪੰਜਾਬ ਦੇ ਲੋਕਾਂ ਤੋਂ ਇਸ ਵਾਰ ਅਰਵਿੰਦ ਕੇਜਰੀਵਾਲ ਨੂੰ ਮੌਕਾ ਦੇਣ ਦੀ ਗੱਲ ਆਖੀ ਕਿਉਂਕਿ ਲੋਕਾਂ ਕੋਲ ਸੂਬੇ ਦੀ ਖੁਸ਼ਹਾਲੀ ਨੂੰ ਬਰਬਾਦ ਕਰਨ ਵਾਲੇ ਆਗੂਆਂ ਅਤੇ ਰਾਜਨੀਤਿਕ ਪਾਰਟੀਆਂ ਤੋਂ ਵਿਆਜ ਸਮੇਤ ਬਦਲਾ ਲੈਣ ਦਾ ਮੌਕਾ ਹੈ। ਉਨਾਂ ਕਿਹਾ ਕਿ ਜੇ ‘ਆਪ’ ਪੰਜਾਬ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦਾ ਸੂਫੜਾ ਸਾਫ਼ ਹੋ ਜਾਵੇਗਾ।