– ਡਾ. ਭਾਰਤੀ ਪ੍ਰਵੀਨ ਪਵਾਰ;
ਅੱਜ ਭਾਰਤ ਦੇਸ਼ ਕੋਵਿਡ-19 ਟੀਕਾਕਰਣ ਅਭਿਯਾਨ ਵਿੱਚ ਇੱਕ ਬੇਮਿਸਾਲ ਉਪਲਬਧੀ ਦਾ ਜਸ਼ਨ ਮਨਾ ਰਿਹਾ ਹੈ। ਭਾਰਤ ਨੇ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਯਾਨ ਨੂੰ ਸਫ਼ਲਤਾਪੂਰਵਕ ਚਲਾਉਣ ਵਿੱਚ ਆਪਣੀਆਂ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ। ਅੱਠ ਮਹੀਨੇ ਦੀ ਛੋਟੀ ਅਵਧੀ ਦੇ ਅੰਦਰ, ਦੇਸ਼ ਲਗਭਗ 70 ਫ਼ੀਸਦੀ ਪਾਤਰ ਆਬਾਦੀ ਦਾ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਦੇ ਨਾਲ ਟੀਕਾਕਰਣ ਕਰਨ ਵਿੱਚ ਆਪਣੇ ਸੰਕਲਪ, ਇਨੋਵੇਸ਼ਨਾਂ ਅਤੇ ਸਹਿਯੋਗ ਦੇ ਜ਼ਰੀਏ ਆਈਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਰਿਹਾ ਹੈ। ਸਾਡੇ ਦੇਸ਼ ਦੀ ਜਟਿਲਤਾ ਅਤੇ ਵਿਵਿਧਤਾ ਨੂੰ ਦੇਖਦੇ ਹੋਏ, ਇਹ ਕਿਸੇ ਵੀ ਤਰ੍ਹਾਂ ਨਾਲ ਕੋਈ ਛੋਟੀ ਉਪਲਬਧੀ ਨਹੀਂ ਹੈ। ਇਹ ਉਪਲਬਧੀ ਨਵੇਂ ਭਾਰਤ ਦੇ ਸੰਕਲਪ ਅਤੇ ਇੱਛਾ-ਸ਼ਕਤੀ ਨੂੰ ਪ੍ਰਦਰਸ਼ਿਤ ਕਰਨ ਦਾ ਸੁਨਹਿਰਾ ਅਧਿਆਇ ਹੈ, ਜਿਸ ਨੂੰ ਕਈ ਲੋਕਾਂ ਨੇ ਲਗਭਗ ਅਸੰਭਵ ਮੰਨ ਲਿਆ ਸੀ।
ਅੱਜ ਦਾ ਦਿਨ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸ਼ਾਮਲ ਲੱਖਾਂ ਹੈਲਥ ਕੇਅਰ ਪ੍ਰੋਫੈਸ਼ਨਲਸ, ਫ੍ਰੰਟਲਾਈਨ ਦੇ ਜੋਧਿਆਂ ਅਤੇ ਹੋਰ ਗੁਮਨਾਮ ਨਾਇਕਾਂ ਦੀ ਇੱਕ ਵਾਰ ਫਿਰ ਸਰਾਹਨਾ ਕਰਨ ਅਤੇ ਜਸ਼ਨ ਮਨਾਉਣ ਦਾ ਹੈ। ਉਨ੍ਹਾਂ ਦੀ ਅਣਥੱਕ ਮਿਹਨਤ ਦੇ ਬਿਨਾ ਇਸ ਯਾਤਰਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ।
ਅਸੀਂ ਭਾਰਤ ਦੀ ਸਫ਼ਲਤਾ ਦਾ ਜਸ਼ਨ ਮਨਾਉਂਦੇ ਹਾਂ, ਲੇਕਿਨ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਇਸ ਉਪਲਬਧੀ ਦੇ ਪਿੱਛੇ ਵਿਸ਼ੇਸ਼ ਯੋਜਨਾ, ਪ੍ਰਬੰਧਨ ਅਤੇ ਕੇਂਦਰ ਸਰਕਾਰ ਦੇ ਸੰਸਥਾਨਾਂ, ਰਾਜ ਸਰਕਾਰਾਂ, ਸਥਾਨਕ ਸਰਕਾਰੀ ਸੰਸਥਾਵਾਂ ਅਤੇ ਨਿਜੀ ਖੇਤਰ ਦੇ ਵਿਕਾਸ ਭਾਗੀਦਾਰਾਂ ਦੇ ਵਿਵਿਧ ਹਿਤਧਾਰਕਾਂ ਦੇ ਦਰਮਿਆਨ ਸਹਿਯੋਗ ਸ਼ਾਮਲ ਹੈ।
2020 ਵਿੱਚ, ਜਿਵੇਂ ਕਿ ਇਹ ਸਪਸ਼ਟ ਹੋ ਗਿਆ ਕਿ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਸਾਡੇ ਅਸਲਾਖਾਨੇ ਵਿੱਚ ਇੱਕੋ-ਇੱਕ ਪ੍ਰੈਕਟੀਕਲ ਹਥਿਆਰ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਹੀ ਹਨ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਤੇ ਦੂਰਦਰਸ਼ੀ ਅਗਵਾਈ ਵਿੱਚ ਟੀਕਾਕਰਣ ਅਭਿਯਾਨ ਦੇ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਦੀ ਇਤਿਹਾਸਿਕ ਤੌਰ ’ਤੇ ਮਜ਼ਬੂਤ ਵੈਕਸੀਨ ਨਿਰਮਾਣ ਸਮਰੱਥਾਵਾਂ ਨੇ ਸੁਨਿਸ਼ਚਿਤ ਕੀਤਾ ਕਿ ਦੇਸ਼ ਵੱਡੇ
ਪੈਮਾਨੇ ’ਤੇ ਕੋਵਿਡ-19 ਵੈਕਸੀਨ ਖੁਰਾਕਾਂ ਦਾ ਉਤਪਾਦਨ ਕਰਨ ਦੇ ਸਮਰੱਥ ਹੋਵੇਗਾ। ਜਿਵੇਂ-ਜਿਵੇਂ ਸਾਡੇ ਵਿਗਿਆਨੀਆਂ ਨੇ ਸੁਰੱਖਿਅਤ ਅਤੇ ਪ੍ਰਭਾਵੀ ਟੀਕੇ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ, ਸਰਕਾਰ ਨੇ ਇੱਕ ਪਰਿਚਾਲਨ ਸਬੰਧੀ ਢਾਂਚਾ ਤਿਆਰ ਕਰਨ ਵੱਲ ਧਿਆਨ ਕੇਂਦ੍ਰਿਤ ਕੀਤਾ, ਜਿਸ ਦੇ ਜ਼ਰੀਏ ਇੱਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਜਲਦੀ ਅਤੇ ਪ੍ਰਭਾਵੀ ਤੌਰ ’ਤੇ ਟੀਕਾਕਰਣ ਦੇ ਮਾਧਿਅਮ ਨਾਲ ਇਮਿਊਨਿਟੀ ਵਧਾਈ ਜਾ ਸਕੇ। ਸੰਪੂਰਨ ਬਾਲਗ਼ ਆਬਾਦੀ ਦੀ ਇਮਿਊਨਿਟੀ ਵਧਾਉਣ ਵਿੱਚ ਲੌਜਿਸਟਿਕ ਸਬੰਧੀ ਚੁਣੌਤੀਆਂ ਆਪਣੇ ਦਾਇਰੇ ਤੋਂ ਕਾਫ਼ੀ ਵੱਡੀਆਂ ਸਨ ਜਿਸ ਦੇ ਲਈ ਲਕੀਰ ਤੋਂ ਹਟ ਕੇ ਸੋਚਣ ਦੀ ਜ਼ਰੂਰਤ ਸੀ।
ਦਸੰਬਰ 2020 ਵਿੱਚ, ਕੇਂਦਰੀ ਸਿਹਤ ਮੰਤਰਾਲੇ ਨੇ ਟੀਕੇ ਨਾਲ ਸਬੰਧਿਤ ਲੌਜਿਸਟਿਕਸ, ਉਸ ਦੀ ਵੰਡ ਅਤੇ ਡਿਲਿਵਰੀ ਨੂੰ ਸੁਵਿਵਸਥਿਤ ਕਰਨ ਦੇ ਲਈ ਨਿਮਨਲਿਖਤ ਤਰੀਕੇ ਨਾਲ ਪਰਿਚਾਲਨ ਸਬੰਧੀ ਦਿਸ਼ਾ-ਨਿਰਦੇਸ਼ ਨਿਰਧਾਰਿਤ ਕੀਤੇ:
•ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਉਪ-ਜ਼ਿਲ੍ਹਾ/ ਬਲਾਕ ਪੱਧਰਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਗਤੀਸ਼ੀਲ ਪ੍ਰਸ਼ਾਸਨਿਕ ਤੰਤਰ ਦੀ ਸਥਾਪਨਾ ਕੀਤੀ ਜਿਸ ਵਿੱਚ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸਪਸ਼ਟ ਤੌਰ ’ਤੇ ਬਿਆਨ ਕੀਤਾ ਗਿਆ।
• ਵਿਭਿੰਨ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਨਿਜੀ ਵਿਕਾਸ ਭਾਗੀਦਾਰਾਂ ਦੀਆਂ ਸਮਰੱਥਾਵਾਂ ਅਤੇ ਯੋਗਤਾਵਾਂ ਦਾ ਕੁਸ਼ਲ ਉਪਯੋਗ ਸੁਨਿਸ਼ਚਿਤ ਕਰਨ ਦੇ ਲਈ ਅੰਤਰ-ਖੇਤਰੀ ਸਮੇਕਨ ਦੇ ਲਈ ਇੱਕ ਰੂਪਰੇਖਾ ਤਿਆਰ ਕੀਤੀ ਗਈ।
• ਟੀਕਾਕਰਣ ਅਭਿਯਾਨ ਸ਼ੁਰੂ ਹੋਣ ਤੋਂ ਪਹਿਲਾਂ, ਲਗਭਗ 1,14,100 ਟੀਕੇ ਲਗਾਉਣ ਵਾਲਿਆਂ ਨੂੰ ਟੀਕਾਕਰਣ ਸਥਲਾਂ ’ਤੇ ਅਪਣਾਈ ਜਾਣ ਵਾਲੀ ਪ੍ਰਕਿਰਿਆ ਬਾਰੇ ਟ੍ਰੇਨਿੰਗ ਦਿੱਤੀ ਗਈ, ਜਿਸ ਵਿੱਚ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਾਭਾਰਥੀ ਵੇਰੀਫ਼ੀਕੇਸ਼ਨ, ਟੀਕਾਕਰਣ, ਕੋਲਡ ਚੇਨ ਅਤੇ ਲੌਜਿਸਟਿਕ ਪ੍ਰਬੰਧਨ, ਬਾਇਓ-ਮੈਡੀਕਲ ਕਚਰਾ ਪ੍ਰਬੰਧਨ ਅਤੇ ਇਮਿਊਨਿਟੀ (ਟੀਕੇ ਤੋਂ ਬਾਅਦ) ਪ੍ਰਤੀਕੂਲ ਘਟਨਾ ਪ੍ਰਬੰਧਨ (ਏਈਐੱਫਆਈ) ਸ਼ਾਮਲ ਹਨ।
ਕੋ-ਵਿਨ ਪਲੈਟਫਾਰਮ, ਜਿਸ ਨੂੰ ਹੁਣ ਵਿਸ਼ਵ ਪੱਧਰ ’ਤੇ ਸਰਾਹਿਆ ਜਾਂਦਾ ਹੈ, ਨੇ ਨਾ ਕੇਵਲ ਵੈਕਸੀਨ ਭੰਡਾਰਣ ਅਤੇ ਵੰਡ ਸਬੰਧੀ ਲੌਜਿਸਟਿਕਸ ਨੂੰ ਸੁਵਿਵਸਥਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਬਲਕਿ ਵੈਕਸੀਨ ਵੰਡ ਪ੍ਰਬੰਧਨ ਅਤੇ ਏਈਐੱਫਆਈ ਦੀ ਨਿਗਰਾਨੀ ਅਤੇ ਪ੍ਰਬੰਧਨ ਵਿੱਚ ਗਤੀ ਅਤੇ ਦਕਸ਼ਤਾ ਵੀ ਸੁਨਿਸ਼ਚਿਤ ਕੀਤੀ ਹੈ। ਇਸ ਤੋਂ ਬਾਅਦ, ਕੋ-ਵਿਨ ਨੇ ਭਾਰਤ ਦੀਆਂ ਟੀਕਾਕਰਣ ਸਮਰੱਥਾਵਾਂ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਜਿੱਥੇ ਕੇਂਦਰ ਸਰਕਾਰ ਦੇ ਸੰਸਥਾਨਾਂ ਨੇ ਵੈਕਸੀਨ ਵਿਕਾਸ ਅਤੇ ਵੰਡ ਪ੍ਰਣਾਲੀ ਵਿੱਚ ਇਨੋਵੇਸ਼ਨਾਂ ਦੇ ਜ਼ਰੀਏ ਯੋਗਦਾਨ ਕੀਤਾ ਉੱਥੇ ਹੀ ਰਾਜ ਅਤੇ ਜ਼ਿਲ੍ਹਾ ਪੱਧਰ ਦੇ ਸੰਸਥਾਨਾਂ ਨੇ ਟੀਕਾਕਰਣ ਦੇ ਨਿਰਵਿਘਨ ਅਤੇ ਕੁਸ਼ਲ ਲਾਗੂਕਰਨ ਨੂੰ ਸੁਨਿਸ਼ਚਿਤ ਕੀਤਾ। ਰਾਜ ਪੱਧਰ ’ਤੇ, ਵਿਭਿੰਨ ਸਰਕਾਰੀ ਵਿਭਾਗਾਂ ਦੇ ਮਾਹਿਰਾਂ ਨਾਲ ਮਿਲ ਕੇ ਵੱਡੇ ਪੈਮਾਨੇ ’ਤੇ ਅਭਿਯਾਨ ਦਾ ਪ੍ਰਬੰਧਨ ਕਰਨ ਦੇ ਲਈ ਇੱਕ ਸੰਚਾਲਨ ਕਮੇਟੀ, ਇੱਕ ਟਾਸਕ ਫੋਰਸ ਅਤੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਸੀ। ਇਸੇ ਤਰ੍ਹਾਂ, ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਟਾਸਕ ਫੋਰਸ, ਸ਼ਹਿਰੀ ਟਾਸਕ ਫੋਰਸ ਅਤੇ ਜ਼ਿਲ੍ਹਾ ਕੰਟਰੋਲ ਰੂਮਾਂ ਦਾ ਗਠਨ ਟੀਕਾਕਰਣ ਮੁਹਿੰਮ ਦੀ ਨਿਗਰਾਨੀ ਦੇ ਲਈ ਕੀਤਾ ਗਿਆ ਸੀ।
ਟੀਕਾਕਰਣ ਅਭਿਯਾਨ ਸ਼ੁਰੂ ਹੋਣ ਤੋਂ ਪਹਿਲਾਂ ਜਨਵਰੀ 2021 ਵਿੱਚ ਦਕਸ਼ਤਾ ਸੁਨਿਸ਼ਚਿਤ ਕਰਨ, ਵੈਕਸੀਨ ਡਿਲਿਵਰੀ ਅਤੇ ਵੰਡ ਪ੍ਰਣਾਲੀਆਂ ਦਾ ਪਰੀਖਣ ਕਰਨ ਅਤੇ ਇਨ੍ਹਾਂ ਵਿੱਚੋਂ ਕਮੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਲਈ ਰਾਜਾਂ ਦੁਆਰਾ ਕਈ ਡ੍ਰਾਈ ਰਨ ਕੀਤੇ ਗਏ ਸਨ। ਬਲਾਕ ਪੱਧਰ ਤੋਂ ਕੇਂਦਰੀ ਪੱਧਰ ਤੱਕ ਸਥਾਪਿਤ ਫੀਡਬੈਕ ਤੰਤਰ ਇਸ ਪ੍ਰਕਿਰਿਆ ਵਿੱਚ ਕਿਸੇ ਵੀ ਕਮੀ ਦਾ ਜਲਦੀ ਆਕਲਨ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਰਿਹਾ ਹੈ। ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਦੇ ਅਨੁਸਾਰ ਮੁਹਿੰਮ ਵਿੱਚ ਸੁਧਾਰ ਕੀਤਾ ਹੈ, ਜਿਸ ਨਾਲ ਦੇਸ਼ ਪ੍ਰਭਾਵੀ ਤੌਰ ’ਤੇ ਟੀਕਾਕਰਣ ਮੁਹਿੰਮ ਨੂੰ ਅੱਗੇ ਵਧਾ ਸਕੇ।
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਸਾਡਾ ਧਿਆਨ ਇਹ ਸੁਨਿਸ਼ਚਿਤ ਕਰਨ ਵੱਲ ਰਿਹਾ ਹੈ ਕਿ ਹਰੇਕ ਨਾਗਰਿਕ ਨੂੰ ਵੈਕਸੀਨ ਲਗਾਉਣ ਦੇ ਲਈ ਸਾਡੇ ਵੈਕਸੀਨ ਵੰਡ ਤੰਤਰ ਵਿੱਚ ਜਨ-ਸੰਖਿਅਕ ਅਤੇ ਭੂਗੋਲਿਕ ਵਿਵਿਧਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਅਸੀਂ ਭਾਈਚਾਰਿਆਂ ਤੱਕ ਸਖ਼ਤ ਮਿਹਨਤ ਨਾਲ ਟੀਕੇ ਦੀ ਡਿਲਿਵਰੀ ਸੁਨਿਸ਼ਚਿਤ ਕਰਨ ਦੇ ਲਈ ਇਨੋਵੇਸ਼ਨਾਂ ਦੇ ਜ਼ਰੀਏ ਰੁਕਾਵਟਾਂ ’ਤੇ ਕਾਬੂ ਪਾਉਣ ਦੀ ਦਿਸ਼ਾ ਵਿੱਚ ਅਣਥੱਕ ਪ੍ਰਯਤਨ ਕੀਤੇ ਹਨ।
ਅਸੀਂ ਹੇਠ ਲਿਖੇ ਤਰੀਕਿਆਂ ਨਾਲ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਅਤੇ ਭਾਈਚਾਰਿਆਂ ਤੱਕ ਟੀਕਿਆਂ ਦੀ ਅਸਾਨ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਹੈ:
• ਦੇਸ਼ ਦੇ ਦਿੱਵਿਯਾਂਗਜਨਾਂ ਦਾ ਟੀਕਾਕਰਣ ਕਰਨ ਦੇ ਲਈ ਘਰ-ਘਰ (ਡੋਰ-ਟੂ-ਡੋਰ) ਵੈਕਸੀਨ ਡਿਲਿਵਰੀ ਲਾਗੂ ਕੀਤੀ ਗਈ ਹੈ।
• ਹੋਰ ਰਾਜਾਂ ਤੋਂ ਇਲਾਵਾ, ਅਸਾਮ, ਦਿੱਲੀ ਅਤੇ ਗੋਆ ਨੇ ਟ੍ਰਾਂਸਜੈਂਡਰ ਆਬਾਦੀ ਦੇ ਦਰਮਿਆਨ ਕੋਵਿਡ-19 ਟੀਕਾਕਰਣ ਕਰਨਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ।
• ਹਾਲ ਹੀ ਵਿੱਚ ਮਣੀਪੁਰ ਤੋਂ ਸ਼ੁਰੂ ਕੀਤੀ ਗਈ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਦੇ ਪਾਇਲਟ ਪ੍ਰੋਜੈਕਟ, ਆਈ-ਡ੍ਰੋਨ ਪਹਿਲ, ਡ੍ਰੋਨ ਦੇ ਮਾਧਿਅਮ ਨਾਲ ਦੂਰ-ਦਰਾਜ ਦੇ ਭਾਈਚਾਰਿਆਂ ਤੱਕ ਵੈਕਸੀਨ ਦੀ ਖੁਰਾਕ ਪਹੁੰਚਾਈ ਜਾ ਰਹੀ ਹੈ।
ਇਸ ਤੋਂ ਇਲਾਵਾ, ਟੀਕਾ ਦੇਣ ਦੇ ਲਈ ਪੂਰੇ ਦੇਸ਼ ਵਿੱਚ ਕਈ ਨਵੇਂ ਤਰੀਕੇ ਅਪਣਾਏ ਗਏ ਹਨ। 100 ਕਰੋੜ ਦੇ ਟੀਕਾਕਰਣ ਦੀ ਉਪਲਬਧੀ ਨਾ ਕੇਵਲ ਭਾਰਤ ਦੀ ਸਮਰੱਥਾ ਅਤੇ ਤਾਕਤ ਦਾ ਪ੍ਰਮਾਣ ਹੈ, ਬਲਕਿ ਵਿਭਿੰਨ ਸੰਸਥਾਨਾਂ, ਭਾਈਚਾਰਿਆਂ ਅਤੇ ਲੋਕਾਂ ਦੇ ਦਰਮਿਆਨ ਸਹਿਯੋਗ ਅਤੇ ਤਾਲਮੇਲ ਦੀ ਇੱਕ ਸ਼ਾਨਦਾਰ ਉਦਾਹਰਣ ਵੀ ਹੈ। ਇਹ ਸਾਡੀ ਇਕਜੁੱਟਤਾ ਅਤੇ ਚੁਣੌਤੀਆਂ ਤੋਂ ਪਾਰ ਪਾਉਣ ਦੇ ਸਾਡੇ ਸਮੂਹਿਕ ਸੰਕਲਪ ਦਾ ਨਵਾਂ ਵਿਧਾਨ ਹੈ। ਇਸ ਮਹੱਤਵਪੂਰਨ ਉਪਲਬਧੀ ਦੇ ਨਾਲ, ਅਸੀਂ ਦੇਸ਼ ਦੀ ਬਾਲਗ਼ ਆਬਾਦੀ ਦੀ ਪੂਰੀ ਤਰ੍ਹਾਂ ਨਾਲ ਇਮਿਊਨਿਟੀ ਵਧਾਉਣ ਅਤੇ ਮਹਾਮਾਰੀ ਨੂੰ ਹਰਾਉਣ ਦੇ ਇੱਕ ਕਦਮ ਹੋਰ ਕਰੀਬ ਹਾਂ।
(ਲੇਖਕ: ਕੇਂਦਰੀ ਰਾਜ ਮੰਤਰੀ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ)
*****