ਸ਼ਬਦ ਵਿਚਾਰ – 88
ਜਪੁ ਜੀ ਸਾਹਿਬ – ਪਉੜੀ 12
ਡਾ. ਗੁਰਦੇਵ ਸਿੰਘ*
ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਸਿਫਤ ਸਾਲਾਹ ਸੁਣਨ ਦਾ ਜਿੱਥੇ ਵੱਡਾ ਮਹਾਤਮ ਹੈ ਉਥੇ ਉਸ ਨੂੰ ਮਨ ਲਿਆ ਜਾਏ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੈ। ਗੁਰਬਾਣੀ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਜਪਣ, ਉਸ ਦਾ ਸਿਮਰਨ ਕਰਨ ਤੇ ਸੁਣਨ ਦਾ ਉਪਦੇਸ਼ ਦਿੱਤਾ ਗਿਆ ਹੈ ਪਰ ਜਦੋਂ ਤਕ ਉਸ ਨੂੰ ਸੁਣ ਕੇ ਮੰਨਿਆ ਨਹੀਂ ਉਦੋਂ ਤਕ ਸਭ ਵਿਆਰਥ ਹੈ। ਜਪੁਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਅੱਠ ਤੋਂ ਗਿਆਰਾਂ ਤਕ ਦੀਆਂ ਪਉੜੀਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸੱਚੇ ਨਾਮ ਨੂੰ ਸੁਣਨ ਦਾ ਮਹਾਤਮ ਦਸਿਆ ਹੈ। ਅਗਲੀਆਂ ਚਾਰ ਪਉੜੀਆਂ ਵਿੱਚ ਗੁਰੂ ਸਾਹਿਬ ਨੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ‘ਤੇ ਚੱਲਣ ਦਾ ਉਪਦੇਸ਼ ਦਿੱਤਾ ਹੈ। ਜੋ ਉਸ ਦੇ ਨਾਮ ਨੂੰ ਸੁਣਦਾ ਹੈ ਤੇ ਉਸ ਤੇ ਅਮਲ ਕਰਦਾ ਹੈ ਉਹ ਫਿਰ ਉਸ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦਾ ਹੈ। ਜੋ ਉਸ ਅਕਾਲ ਪੁਰਖ ਨੂੰ ਮਨ ਕਰ ਕੇ ਮੰਨ ਲੈਂਦਾ ਹੈ ਫਿਰ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ :
ਮੰਨੇ ਕੀ ਗਤਿ ਕਹੀ ਨ ਜਾਇ ॥ ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥ ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥ ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
ਪਦ ਅਰਥ : ਮੰਨੇ ਕੀ = ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ। ਗਤਿ = ਹਾਲਤ, ਅਵਸਥਾ। ਕਹੈ– ਦੱਸੇ, ਬਿਆਨ ਕਰੇ। ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ। ਬਹਿ ਕਰਨਿ = ਬੈਠ ਕੇ ਕਰਦੇ ਹਨ। ਐਸਾ = ਅਜਿਹਾ, ਇੱਡਾ ਉੱਚਾ। ਹੋਇ = ਹੈ। ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ। ਮੰਨਿ ਜਾਣੈ = ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ। ਮਨਿ = ਮਨ ਵਿਚ। ਕਾਗਦਿ = ਕਾਗ਼ਜ਼ ਉੱਤੇ। ਕਲਮ = ਕਲਮ (ਨਾਲ)।
ਪੰਜਾਬੀ ਵਿਆਖਿਆ : ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) । ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) । (ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ। ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ।12।
ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਬੇਅੰਤ ਉੱਚਾ ਹੈ। ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ। ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 13ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।