-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ;
ਮਧੁਰ ਕੰਠ ਅਤੇ ਸੁਰ-ਤਾਲ ਪਰੁੱਚੀ ਮਾਖਿਓਂ ਮਿੱਠੀ ਅਵਾਜ਼ ਵਿੱਚ ਗੁਰੂ ਜੱਸ ਗਾਇਨ ਕਰਨ ਵਾਲੇ ਵਿਸ਼ਵ ਪ੍ਰਸਿੱਧ ਕੀਰਤਨੀਏ ਭਾਈ ਸੁਰਿੰਦਰ ਸਿੰਘ ਜੋਧਪੁਰੀ ਦਾ ਜਨਮ ਤੇਰਾਂ ਅਕਤੂਬਰ ਉਨੀਂ ਸੌ ਛਪੰਜਾ ਨੂੰ ਭਾਈ ਦਲੀਪ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਕਰਤਾਰ ਕੌਰ ਦੀ ਕੁੱਖੋਂ ਪੁਤਲੀਘਰ ਅੰਮ੍ਰਿਤਸਰ ਵਿਖੇ ਹੋਇਆ। ਭਾਈ ਦਲੀਪ ਸਿੰਘ ਇਤਿਹਾਸਕ ਗੁਰਦੁਆਰਾ ਪਿਪਲੀ ਸਾਹਿਬ, ਪੁਤਲੀਘਰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀ ਸਨ। ਭਾਈ ਸੁਰਿੰਦਰ ਸਿੰਘ ਛੋਟੀ ਉਮਰੇ ਹੀ ਆਪਣੇ ਪਿਤਾ ਜੀ ਨਾਲ ਅਕਸਰ ਹੀ ਗੁਰਦੁਆਰਾ ਸਾਹਿਬ ਹਾਜ਼ਰੀ ਭਰਦੇ ਸਨ, ਤੇ ਗੁਰੂ ਘਰ ਵਿੱਚ ਇਕਾਗਰ ਬਿਰਤੀ ਨਾਲ ਕੀਰਤਨ ਸਰਵਣ ਕਰਦਿਆਂ ਹੋਇਆਂ ਖੁਦ ਕੀਰਤਨ ਕਰਨ ਦਾ ਫੈਸਲਾ ਮਨ ਵਿੱਚ ਦ੍ਰਿੜ ਹੋ ਗਿਆ। ਅਜੇ ਬਾਲ ਉਮਰ ਵਿੱਚ ਹੀ ਸਨ ਕਿ ਰਸੋਈ ਵਿੱਚੋਂ ਥਾਲ਼ੀ ਜਾਂ ਵਲਟੋਹੀ (ਛੋਟੀ ਗਾਗਰ) ਲੈ ਕੇ ਛੋਟੇ ਛੋਟੇ ਮਸੂਮ ਹੱਥਾਂ ਨਾਲ ਤਬਲਾ ਵਜਾਉਂਦੇ ਤੇ ਅੰਤਰ ਧਿਆਨ ਹੋ ਸ਼ਬਦਾਂ ਦਾ ਗਾਇਨ ਕਰਦੇ। “ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ” ਵੇਖਦਿਆਂ ਧਾਰਮਿਕ ਬਿਰਤੀ ਵਾਲੇ ਮਾਤਾ ਪਿਤਾ ਨੂੰ ਇਹ ਅਹਿਸਾਸ ਹੋ ਗਿਆ ਕਿ ਸੁਰਿੰਦਰ ਸਿੰਘ ਵੱਡਾ ਹੋ ਕੇ ਗੁਰੂ-ਕੀਰਤੀ ਦਾ ਗਾਇਨ ਕਰਕੇ ਸਿੱਖ ਸੰਗਤ ਦਾ ਜੱਸ ਖੱਟੇਗਾ। ਭਾਈ ਸਾਹਿਬ ਜੀ ਦੀ ਖੁਸ਼ਕਿਸਮਤੀ ਰਹੀ ਕਿ ਦਸਵੀਂ ਜਮਾਤ ਪਾਸ ਕਰਨ ਉਪਰੰਤ ਆਪਜੀ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਦਾਖ਼ਲਾ ਹਾਸਲ ਹੋ ਗਿਆ। ਸੋਨੇ ਤੇ ਸੁਹਾਗੇ ਵਾਲਾ ਕਾਰਜ ਇਹ ਹੋਇਆ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਰਾਗ ਵਿੱਦਿਆ ਦੇ ਉੱਚ ਕੋਟੀ ਦੇ ਵਿਦਵਾਨ ਭਾਈ ਅਵਤਾਰ ਸਿੰਘ ਨਾਜ਼ ਦਾ ਸ਼ਗਿਰਦ ਹੋਣ ਦਾ ਸੁਭਾਗ ਪ੍ਰਾਪਤ ਹੋ ਗਿਆ। ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਆਦਿ ਵਿਸ਼ਵ ਪ੍ਰਸਿੱਧ ਕੀਰਤਨੀਏ ਉਸਤਾਦ ਅਵਤਾਰ ਸਿੰਘ ਨਾਜ਼ ਦੀ ਰਾਗ-ਖੇਤੀ ਦੀ ਫ਼ਸਲ ਸਨ।
ਪੜ੍ਹਾਈ ਸਫਲਤਾ ਪੂਰਵਕ ਪੂਰੀ ਕਰਨ ਉਪਰੰਤ ਭਾਈ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਵਿੱਚ ਕਰਨਾਲ ਵਿਖੇ ਬਤੌਰ ਮੁੱਖੀ ਕੀਰਤਨੀ ਜਥੇ ਦੇ ਸੇਵਾ ਪ੍ਰਾਪਤ ਹੋ ਗਈ। ਸਾਲ 1982 ਵਿੱਚ ਆਪਜੀ ਕਰਨਾਲ ਤੋਂ ਤਬਦੀਲ ਹੋ ਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਨ ਲੱਗੇ,ਜੋ 6 ਜੂਨ 1984 ਤਕ ਨਿਰੰਤਰ ਜਾਰੀ ਰਹੀ। ਆਪਜੀ ਲਈ ਬੜੀ ਸਖ਼ਤ ਪ੍ਰੀਖਿਆ ਦਾ ਸਮਾਂ 3 ਜੂਨ ਤੋਂ 6 ਜੂਨ,1984 ਤਕ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਦੀ ਨਿਤਨੇਮ ਦੀ ਮਰਿਆਦਾ ਨਿਭਾਉਣਾ ਸੀ,ਜਿਸ ਵਿੱਚ ਆਪਜੀ ਪੂਰੇ ਸਿੱਖ਼ੀ ਸਿਦਕ ਸਹਿਤ ਸਫ਼ਲ ਹੋਏ। ਉਪ੍ਰੇਸ਼ਨ ਬਲਿਊ ਸਟਾਰ ਦੇ ਇਸ ਸਾਰੇ ਭਿਆਨਕ ਸਮੇਂ ਦੌਰਾਨ ਆਪਜੀ ਕੇਵਲ ਇੱਕ ਹੋਰ ਕੀਰਤਨੀ ਜਥੇ ਭਾਈ ਅਮਰੀਕ ਸਿੰਘ (ਸੂਰਮਾ ਸਿੰਘ) ਦੇ ਰਾਗੀ ਜਥੇ ਦੇ ਸਿੰਘਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼,ਸੁੱਖ-ਆਸਣ ਅਤੇ ਕੀਰਤਨ ਦੀਆਂ ਸਾਰੀਆਂ ਚੌਂਕੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਨਿਤਨੇਮੀ ਮਰਿਆਦਾ ਬੜੀ ਸ਼ਰਧਾ ਭਾਵਨਾ ਅਤੇ ਸਬਰ, ਸਿਦਕ ਅਤੇ ਸਿਰੜ ਸਹਿਤ ਚੜ੍ਹਦੀ ਕਲਾ ਵਿੱਚ ਰਹਿ ਕੇ ਨਿਭਾਉਂਦੇ ਰਹੇ। ਤਿੰਨ ਅਤੇ ਚਾਰ ਜੂਨ ਦੀ ਰਾਤ ਆਪਜੀ ਨੇ ਗੱਠੜੀ ਘਰ ਵਿੱਚ ਬਤੀਤ ਕੀਤੀ। ਚਾਰ ਜੂਨ ਨੂੰ ਅੰਮ੍ਰਿਤ ਵੇਲੇ ਆਪਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿੰਨ ਪਹਿਰੇ ਦੀ ਕੀਰਤਨ ਸੇਵਾ ਤੇ ਹਾਜ਼ਰ ਹੋ ਗਏ, ਅਤੇ ਛੇ ਜੂਨ ਗਿਆਰਾਂ ਵਜੇ ਤਕ ਭਾਈ ਅਮਰੀਕ ਸਿੰਘ ਦੇ ਰਾਗੀ ਜਥੇ ਦੇ ਸਿੰਘਾਂ ਸਮੇਤ ਉਸ ਵਕ਼ਤ ਤਕ ਗੁਰੂ ਘਰ ਦੀ ਮਰਿਆਦਾ ਨਿਭਾਉਂਦੇ ਰਹੇ, ਜਦੋਂ ਤਕ ਫੌਜੀ ਅਫਸਰਾਂ ਨੇ ਆਪਜੀ ਸਮੇਤ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਚਾਰ ਜੂਨ ਨੂੰ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਦੇ ਤਤਕਾਲੀ ਮੁੱਖ ਗ੍ਰੰਥੀ ਭਾਈ ਸਾਹਿਬ ਸਿੰਘ ਦਰਬਾਰ ਸਾਹਿਬ ਆਏ ਸਨ, ਜਿਨ੍ਹਾਂ ਭਾਈ ਸਾਹਿਬ ਨੂੰ ਰਹਿੰਦੇ ਦਮ ਤਕ ਸੇਵਾ ਨਿਭਾਉਣ ਲਈ ਆਦੇਸ਼ ਦਿੱਤਾ। ਜੂਨ ਮਹੀਨੇ ਦੀ ਤਪਦੇ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਹਾਜ਼ਰ ਸਿੰਘ ਸ੍ਰੀ ਹਰਿ ਕੀ ਪਉੜੀ ਦੇ ਜਲ ਨਾਲ ਪਿਆਸ ਸਾਂਤ ਕਰਦੇ ਰਹੇ।ਲੋੜ ਪੈਣ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ਤੇ ਲੱਕ ਸਿੱਧਾ ਕਰਨ ਲਈ ਜਾਂਦੇ ਸਨ। ਸਮੇਂ ਦੀ ਭਿਆਨਕਤਾ ਦੇ ਮੱਦੇਨਜ਼ਰ ਹਰਿ ਕੀ ਪਉੜੀ ਤੋਂ ਜਲ ਛਕਣ ਅਤੇ ਲੱਕ ਸਿੱਧਾ ਕਰਨ ਲਈ ਪਹਿਲੀ ਮੰਜ਼ਲ ਤੇ ਜਾਣ ਦੀ ਆਗਿਆ ਆਪਜੀ ਨੇ ਮੁੱਖ ਗ੍ਰੰਥੀ ਭਾਈ ਸਾਹਿਬ ਸਿੰਘ ਜੀ ਪਾਸੋਂ ਪ੍ਰਾਪਤ ਕਰ ਲਈ ਸੀ। ਇਸ ਸਾਰੇ ਸਮੇਂ ਪ੍ਰਸ਼ਾਦਾ ਤਾਂ ਛਕਿਆ ਨਹੀਂ ਸੀ,ਸੋ ਸੀਮਤ ਸਰੀਰਕ ਹਾਜਤ ਲਈ ਢੁਕਵੇਂ ਸਮੇਂ ਪੂਰੀ ਤੇਜ ਦੌੜ ਲਾ ਕੇ ਆਪਜੀ ਦਰਸ਼ਨੀ ਡਿਉਢੀ ਤਕ ਜਾਂਦੇ ਸਨ। ਸੂਰਮੇ ਸਿੰਘ ਭਾਈ ਅਮਰੀਕ ਸਿੰਘ ਤੇਜ਼ ਦੌੜ ਕੇ ਦਰਸ਼ਨੀ ਡਿਉਢੀ ਤਕ ਜਾਣ ਤੋਂ ਅਸਮਰੱਥ ਹੋਣ ਕਾਰਨ ਦਰਸ਼ਨੀ ਡਿਉਢੀ ਵਿਖੇ ਗੋਲੀਆਂ ਨਾਲ ਸ਼ਹੀਦ ਹੋ ਗਏ ਸਨ।।
ਭਾਈ ਸਾਹਿਬ ਜੀ ਨੇ ਸਾਕਾ ਨੀਲਾ ਤਾਰਾ ਦੌਰਾਨ ਵਾਪਰੀਆਂ ਭਿਆਨਕ ਘਟਨਾਵਾਂ ਬਾਰੇ ਗੱਲਬਾਤ ਦੌਰਾਨ ਦੱਸਿਆ ਸੀ ਕਿ ਛੇ ਜੂਨ ਨੂੰ ਸਵੇਰੇ ਗਿਆਰਾਂ ਵਜੇ ਫੌਜੀ ਅਫਸਰ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆ ਕੇ ਪੇਸ਼ ਹੋਣ ਲਈ ਕਿਹਾ। ਸਾਰੇ ਹਾਜ਼ਰ ਸਿੰਘਾਂ ਨੂੰ ਫੌਜੀ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਕੇ ਸ੍ਰੀ ਗੁਰੂ ਰਾਮਦਾਸ ਕੰਨਿਆ ਸਕੂਲ ਛੱਤੀ ਖੂਹੀ ਵਿਖੇ ਲੈ ਗਏ। ਸ਼ਾਮ ਦੇ ਪੰਜ ਵਜੇ ਤਕ ਸਿੰਘਾਂ ਨੂੰ ਅਸਿਹ ਤਸੀਹੇ ਦਿੱਤੇ ਗਏ। ਭਾਈ ਸਾਹਿਬ ਦੇ ਨੌਂਹ ਖਿੱਚੇ ਗਏ। ਲੋਹੇ ਦੇ ਸਰੀਆ ਅਤੇ ਬੰਦੂਕ ਦੇ ਬੱਟ ਨਾਲ ਕੁੱਟ-ਕੁੱਟ ਕੇ ਸੱਜੀ ਬਾਂਹ ਤੋੜ ਦਿੱਤੀ। ਇਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦੇਣ ਦੀ ਤਿਆਰੀ ਹੋ ਗਈ ਸੀ ਕਿ ਅਚਾਨਕ ਇੱਕ ਸਿੱਖ ਅਫਸਰ ਨੇ ਆ ਕੇ ਹੋਣੀ ਟਾਲ ਦਿੱਤੀ। ਇਥੋਂ ਗ੍ਰਿਫਤਾਰ ਕਰ ਕੇ ਆਪਜੀ ਨੂੰ ਸੱਤ ਮਹੀਨੇ ਅਜਮੇਰ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ, ਜਿਥੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਸ੍ਰ.ਅਬਿਨਾਸੀ਼ ਸਿੰਘ ਮੁਲਾਕਾਤ ਲਈ ਆਉਂਦੇ ਸਨ। ਦੋ ਮਹੀਨੇ ਅੰਮ੍ਰਿਤਸਰ ਜੇਲ੍ਹ ਤੋਂ ਬਾਅਦ ਚਾਰ ਸਾਲ ਜੋਧਪੁਰ ਜੇਲ੍ਹ ਦੇ ਕਸ਼ਟ ਸਹੇ।
ਜੇਲ੍ਹ ਤੋਂ ਬਾਹਰ ਆ ਕੇ ਆਪਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਪਹਿਲੀ ਸੇਵਾ ਸੰਭਾਲ ਲਈ, ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਮਤਭੇਦ ਪੈਦਾ ਹੋ ਜਾਣ ਕਾਰਨ ਆਪਜੀ ਨੇ ਅਸਤੀਫਾ ਦੇ ਦਿੱਤਾ ਤੇ ਦੇਸ਼ ਵਿਦੇਸ਼ ਵਿੱਚ ਕੀਰਤਨ ਦੀ ਸੇਵਾ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦੀ ਆਖਰੀ ਦਮ ਤਕ ਸੇਵਾ ਪੂਰੀ ਸ਼ਰਧਾ ਭਾਵਨਾ ਨਾਲ ਨਿਭਾਉਂਦੇ ਰਹੇ।
ਗੁਰਬਾਣੀ ਕੀਰਤਨ ਨੂੰ ਰੂਹਾਨੀਅਤ ਪੱਧਰ ਤੇ ਸਮਰਪਿਤ ਭਾਈ ਸਾਹਿਬ ਦੇ ਦ੍ਰਿੜ-ਅਭਿਆਸ ਸਦਕਾ ਰਸ-ਭਿੰਨੀਆਂ ਬੰਦਸ਼ਾਂ ਵਿੱਚ ਗਾਇਨ ਕੀਤੇ ਸ਼ਬਦਾਂ ਪ੍ਰਤੀ ਸੰਗਤਾਂ ਨੇ ਅਥਾਹ ਪਿਆਰ ਅਰਪਣ ਕੀਤਾ। ਸੰਗਤਾਂ ਦਾ, ਭਾਈ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਗਾਇਨ ਕੀਤੇ ਸ਼ਬਦਾਂ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕ ਅਤੇ ਆਸਾ ਦੀ ਵਾਰ ਪ੍ਰਤੀ ਮੋਹ ਭਾਂਪ ਕੇ, ਟੀ-ਸੀਰਿਜ਼ ਸੰਗੀਤ ਰਿਕਾਰਡਿੰਗ ਕੰਪਨੀ ਨੇ ਆਪਜੀ ਨਾਲ ਸੰਪਰਕ ਕੀਤਾ।ਆਪਜੀ ਵੱਲੋਂ ਗਾਇਨ ਕੀਤੇ ਸ਼ਬਦਾਂ ਦੀਆਂ ਦਰਜਨਾਂ ਕੈਸਟਾਂ ਅਤੇ ਸੀਡੀਆਂ ਨੂੰ ਸੰਗਤਾਂ ਨੇ ਸਲਾਹਿਆ ਦਿੱਤਾ, ਪ੍ਰੰਤੂ “ਹਰਿ ਜੀਉ ਨਿਮਾਣਿਆ ਤੂ ਮਾਣੁ”ਸ਼ਬਦ ਦੀ ਕੈਸਟ ਰਾਹੀਂ ਮਿਲੇ ਅਥਾਹ ਪਿਆਰ ਨੇ ਭਾਈ ਸਾਹਿਬ ਨੂੰ ਗੁਜਾਰੇ ਪੱਖੋਂ ਪੈਰਾਂ ਸਿਰ ਕਰ ਦਿੱਤਾ।
ਭਾਈ ਸਾਹਿਬ ਦਾ ਇਕਲੌਤਾ ਪੁੱਤਰ ਪੁਖਰਾਜ ਸਿੰਘ ਅਤੇ ਛੋਟੀ ਬੇਟੀ ਕਨੇਡਾ ਵਿੱਚ ਹਨ ਤੇ ਇੱਕ ਬੇਟੀ ਅੰਮ੍ਰਿਤਸਰ ਹੀ ਹੈ। ਨੂੰਹ ਹਰਦੀਪ ਕੌਰ ਅਤੇ ਪੋਤਰੀ ਪੋਤਰਾ ਵੀ ਅੰਮ੍ਰਿਤਸਰ ਹਨ। ਆਪਜੀ ਦੀ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਛੇ ਕੁ ਮਹੀਨੇ ਪਹਿਲਾਂ ਗੁਰੂ ਚਰਨਾਂ ਵਿੱਚ ਨਿਵਾਸ ਕਰ ਗਏ ਸਨ। ਦੋ ਕੁ ਮਹੀਨੇ ਪਹਿਲਾਂ ਭਾਈ ਸਾਹਿਬ ਜੀ ਜਿਗਰ ਦੇ ਕੈਂਸਰ ਤੋਂ ਪੀੜਤ ਹੋ ਗਏ।ਇਸ ਬਿਮਾਰੀ ਕਾਰਨ ਤਿੰਨ ਅਕਤੂਬਰ ਨੂੰ ਆਪਜੀ ਆਪਣੀਆਂ ਉਪਾਸ਼ਕ ਸੰਗਤਾਂ ਨੂੰ ਨਿਰਾਸ਼ਤਾ ਦੇ ਆਲਮ ਵਿੱਚ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਭਾਈ ਸਾਹਿਬ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 12 ਅਕਤੂਬਰ 2021 ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ, ਏ-ਬੀ ਬਲਾਕ, ਰਣਜੀਤ ਐਵਿਨਿਊ ਅੰਮ੍ਰਿਤਸਰ ਵਿਖੇ ਹੋਏਗਾ।
ਮੋਬਾਈਲ : 98158-40755